ਦਿੱਲੀ : ਰਾਸ਼ਟਰਪਤੀ ਭਵਨ ਤੋਂ ਰਾਜਘਾਟ ਪੁੱਜੇ ਟਰੰਪ-ਮੇਲਾਨੀਆ, ਬਾਪੂ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ

02/25/2020 11:07:23 AM

ਨਵੀਂ ਦਿੱਲੀ— ਭਾਰਤ ਦੌਰੇ 'ਤੇ ਆਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਅੱਜ ਭਾਵ ਮੰਗਲਵਾਰ ਦੂਜਾ ਦਿਨ ਹੈ। ਟਰੰਪ ਅਤੇ ਉਨ੍ਹਾਂ ਦੇ ਪਰਿਵਾਰ ਦਾ ਅਹਿਮਦਾਬਾਦ 'ਚ ਸਵਾਗਤ ਤੋਂ ਬਾਅਦ ਅੱਜ ਉਹ ਦਿੱਲੀ 'ਚ ਹਨ। ਰਾਸ਼ਟਰਪਤੀ ਭਵਨ 'ਚ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ ਗਿਆ। ਉਨ੍ਹਾਂ ਨੂੰ 'ਗਾਰਡ ਆਫ ਆਨਰ' ਦਿੱਤਾ ਗਿਆ ਅਤੇ ਇਸ ਦੇ ਨਾਲ ਹੀ 21 ਤੋਪਾਂ ਨਾਲ ਸਲਾਮੀ ਦਿੱਤੀ ਗਈ। ਇਸ ਦੌਰਾਨ ਟਰੰਪ ਨਾਲ ਉਨ੍ਹਾਂ ਦੀ ਪਤਨੀ ਮੇਲਾਨੀਆ, ਧੀ ਇਵਾਂਕਾ ਅਤੇ ਜਵਾਈ ਜੇਰੇਡ ਕੁਸ਼ਨਰ ਵੀ ਮੌਜੂਦ ਰਹੇ।

ਰਾਸ਼ਟਰਪਤੀ ਭਵਨ ਪੁੱਜਦੇ ਹੀ ਟਰੰਪ ਅਤੇ ਉਨ੍ਹਾਂ ਦੇ ਪਰਿਵਾਰ ਦਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਉਨ੍ਹਾਂ ਦੀ ਪਤਨੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਸਮੀ ਸਵਾਗਤ ਕੀਤਾ। ਇਸ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਰੱਖਿਆ ਮੰਤਰੀ ਰਾਜਨਾਥ ਸਮੇਤ ਵੱਡੇ ਨੇਤਾ ਰਾਸ਼ਟਰਪਤੀ ਭਵਨ ਮੌਜੂਦ ਰਹੇ। 

ਰਾਸ਼ਟਰਪਤੀ ਭਵਨ ਤੋਂ ਬਾਅਦ ਟਰੰਪ ਅਤੇ ਮੇਲਾਨੀਆ ਰਾਜਘਾਟ ਪਹੁੰਚੇ ਹਨ, ਜਿੱਥੇ ਉਨ੍ਹਾਂ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਮੌਜੂਦ ਰਹੇ। ਰਾਜਘਾਟ 'ਚ ਟਰੰਪ ਨੇ ਵਿਜ਼ੀਟਰ ਬੁੱਕ 'ਚ ਸੰਦੇਸ਼ ਵੀ ਲਿਖਿਆ।

ਟਰੰਪ ਅਤੇ ਮੇਲਾਨੀਆ ਨੇ ਰਾਜਘਾਟ 'ਚ ਬਾਪੂ ਗਾਂਧੀ ਦੀ ਯਾਦ 'ਚ ਇਕ ਬੂਟਾ ਵੀ ਲਾਇਆ।

ਇੱਥੇ ਦੱਸ ਦੇਈਏ ਕਿ ਰਾਜਘਾਟ ਤੋਂ ਬਾਅਦ ਟਰੰਪ ਹੈਦਰਾਬਾਦ ਹਾਊਸ ਜਾਣਗੇ, ਜਿੱਥੇ ਮੋਦੀ ਅਤੇ ਟਰੰਪ ਦੋ-ਪੱਖੀ ਗੱਲਬਾਤ ਕਰਨਗੇ। ਦੋਵੇਂ ਨੇਤਾ ਭਾਰਤ-ਅਮਰੀਕਾ ਦੇ ਰਿਸ਼ਤਿਆਂ 'ਚ ਗਲੋਬਲ ਸਾਂਝੇਦਾਰੀ ਦੇ ਵਿਸਥਾਰ 'ਤੇ ਚਰਚਾ ਵੀ ਕਰਨਗੇ। ਟਰੰਪ ਅਤੇ ਉਨ੍ਹਾਂ ਦਾ ਪਰਿਵਾਰ 24 ਅਤੇ 25 ਫਰਵਰੀ ਦੋ ਦਿਨਾਂ ਦੌਰੇ 'ਤੇ ਭਾਰਤ ਆਏ ਹਨ। ਅੱਜ ਉਨ੍ਹਾਂ ਦੇ ਦੌਰੇ ਦਾ ਦੂਜਾ ਦਿਨ ਹੈ।

Tanu

This news is Content Editor Tanu