ਏਮਜ਼ ''ਚ ਔਰਤ ਦੇ ਜੋੜਾਂ ਦੀ ਹੋਈ ਸਫ਼ਲ ਸਰਜਰੀ, PM ਮੋਦੀ ਨੇ ਕੀਤੀ ਡਾਕਟਰਾਂ ਦੀ ਤਾਰੀਫ਼

02/13/2023 5:50:17 PM

ਭੁਵਨੇਸ਼ਵਰ (ਭਾਸ਼ਾ)- ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾ (ਏਮਜ਼)- ਭੁਵਨੇਸ਼ਵਰ ਦੇ ਡਾਕਟਰਾਂ ਨੇ 37 ਸਾਲ ਦੀ ਇਕ ਔਰਤ ਦੇ ਚਾਰ ਜੋੜਾਂ ਨੂੰ ਬਦਲਣ ਲਈ ਵੱਡੀ ਸਰਜਰੀ ਅੰਜਾਮ ਦਿੱਤਾ। ਇਸ ਤੋਂ ਬਾਅਦ ਔਰਤ ਬਿਨਾਂ ਕਿਸੇ ਸਹਾਰੇ ਦੇ ਤੁਰ ਸਕਦੀ ਹੈ। ਏਮਜ਼ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿਾ ਦੁਨੀਆ 'ਚ ਇਸ ਤਰ੍ਹਾਂ ਦੀ ਇਹ ਦੂਜੀ ਸਰਜਰੀ ਹੈ। ਇਸ ਤੋਂ ਪਹਿਲਾਂ ਏਮਜ਼-ਦਿੱਲੀ 'ਚ ਇਸ ਤਰ੍ਹਾਂ ਦਾ ਆਪਰੇਸ਼ਨ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਕੋਸ਼ਿਸ਼ ਦੀ ਸ਼ਲਾਘਾ ਕੀਤੀ। 

ਪ੍ਰਧਾਨ ਮੰਤਰੀ ਮੋਦੀ ਨੇ ਏਮਜ਼-ਭੁਵਨੇਸ਼ਵਰ ਦੇ ਇਕ ਟਵੀਟ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ,''ਮੈਡੀਕਲ ਜਗਤ 'ਚ ਨਵੀਆਂ ਤਬਦੀਲੀਆਂ ਨੂੰ ਅਪਣਾਉਣ 'ਚ ਹਮੇਸ਼ਾ ਅੱਗੇ ਰਹਿਣ ਲਈ ਸਾਡੇ ਡਾਕਟਰ ਪ੍ਰਸ਼ੰਸਾ ਦੇ ਪਾਤਰ ਹਨ। ਉਨ੍ਹਾਂ ਦੀ ਕੁਸ਼ਲਤਾ ਸਾਨੂੰ ਮਾਣ ਮਹਿਸੂਸ ਕਰਵਾਉਂਦੀ ਹੈ।'' ਏਮਜ਼-ਭੁਵਨੇਸ਼ਵਰ ਨੇ ਇਸ ਟਵੀਟ 'ਚ ਸਫ਼ਲ ਸਰਜਰੀ ਦੀ ਜਾਣਕਾਰੀ ਦਿੱਤੀ ਸੀ। ਡਾਕਟਰਾਂ ਨੇ ਦੱਸਿਆ ਕਿ ਔਰਤ ਦੇ ਕੁੱਲ੍ਹੇ ਅਤੇ ਗੋਢਿਆਂ 'ਚ ਗਠੀਆ ਦੀ ਗੰਭੀਰ ਸਮੱਸਿਆ ਸੀ ਅਤੇ ਉਸ ਨੂੰ ਸਹਾਰਾ ਲੈ ਕੇ ਤੁਰਨਾ ਪੈਂਦਾ ਸੀ, ਜਿਸ 'ਚ ਉਸ ਨੂੰ ਬਹੁਤ ਕਠਿਨਾਈ ਹੁੰਦੀ ਸੀ। ਉਨ੍ਹਾਂ ਕਿਹਾ ਕਿ ਔਰਤ ਦੇ ਚਾਰ ਜੋੜਾਂ ਦੀ ਸਰਜਰੀ ਜ਼ਰੂਰੀ ਸੀ। ਡਾਕਟਰਾਂ ਅਨੁਸਾਰ ਚਾਰਾਂ ਜੋੜਾਂ ਨੂੰ ਇਕ ਵਾਰ 'ਚ ਹੀ ਬਦਲਣ ਦਾ ਫ਼ੈਸਲਾ ਕੀਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਇਸ ਸਰਜਰੀ ਦਾ ਖਰਚ ਸੂਬਾ ਸਰਕਾਰ ਨੇ ਬੀਜੂ ਸਿਹਤ ਕਲਿਆਣ ਯੋਜਨਾ ਦੇ ਅਧੀਨ ਚੁੱਕਿਆ ਹੈ।

DIsha

This news is Content Editor DIsha