ਓਡੀਸ਼ਾ ''ਚ ਮਿਲਿਆ ਉੱਡਣ ਵਾਲਾ ਦੁਰਲੱਭ ਸੱਪ, ਟੀਮ ਨੇ ਰੈਸਕਿਊ ਕਰ ਕੇ ਕੀਤਾ ਆਜ਼ਾਦ

03/18/2018 10:30:44 AM

ਮਊਰਭੰਜ— ਓਡੀਸ਼ਾ ਦੇ ਮਊਰਭੰਜ ਜ਼ਿਲੇ ਦੇ ਧਾਨਪੁਰ ਪਿੰਡ 'ਚ ਸ਼ਨੀਵਾਰ (17 ਮਾਰਚ) ਨੂੰ ਉੱਡਣ ਵਾਲਾ ਸੱਪ ਅਤੇ ਓਰਨੇਟ ਫਲਾਇੰਗ ਸਨੇਕ ਪਾਇਆ ਗਿਆ। ਇਸ ਨੂੰ ਸਿਮੀਲਿਪਲ ਟਾਈਗਰ ਰਿਜ਼ਰਵ ਦੀ ਰੈਸਕਿਊ ਟੀਮ ਨੇ ਰੈਸਕਿਊ ਕਰ ਕੇ ਆਜ਼ਾਦ ਕਰਵਾਇਆ। ਦੇਸ਼-ਦੁਨੀਆ 'ਚ ਸੱਪਾਂ ਦੀਆਂ ਹਜ਼ਾਰਾਂ ਪ੍ਰਜਾਤੀਆਂ ਮੌਜੂਦ ਹਨ। ਉੱਡਣ ਵਾਲਾ ਇਹ ਦੁਰਲੱਭ ਸੱਪ ਵੀ ਇਨ੍ਹਾਂ 'ਚੋਂ ਇਕ ਹੈ। ਇਹ ਸੱਪਾਂ ਦੀ ਦੁਰਲੱਭ ਪ੍ਰਜਾਤੀ ਹੈ, ਜੋ ਭਾਰਤ ਸਮੇਤ ਕੁਝ ਹੀ ਦੇਸ਼ਾਂ 'ਚ ਪਾਈ ਜਾਂਦੀ ਹੈ। ਇਹ ਸੱਪ ਕਿਰਲੀਆਂ, ਛੋਟੇ ਜਾਨਵਰਾਂ, ਪੰਛੀਆਂ, ਛੋਟੇ ਸੱਪ ਅਤੇ ਕੀੜੇ ਖਾਂਦੇ ਹਨ। ਇਹ ਘਰਾਂ ਦੇ ਨੇੜੇ-ਤੇੜੇ ਵੀ ਕਦੇ-ਕਦੇ ਦਿਖਾਈ ਦਿੰਦਾ ਹੈ। ਇਹ ਕਦੇ-ਕਦੇ ਦਰੱਖਤ ਦੀ ਡਾਲ ਨਾਲ ਲਟਕਿਆ ਵੀ ਦੇਖਿਆ ਗਿਆ ਹੈ। ਇਨ੍ਹਾਂ ਦੇ ਦੇਖੇ ਜਾਣ ਦੀਆਂ ਘਟਨਾਵਾਂ ਪਹਿਲਾਂ ਵੀ ਸਾਹਮਣੇ ਆ ਚੁਕੀਆਂ ਹਨ। ਇਹ ਸੱਪ ਆਮ ਤੌਰ 'ਤੇ ਦਰੱਖਤਾਂ 'ਤੇ ਹੀ ਆਪਣਾ ਜੀਵਨ ਬਿਤਾਉਂਦਾ ਹੈ।


ਮੱਧ ਭਾਰਤ 'ਚ ਮਿਲਦੇ ਹਨ ਇਹ ਸੱਪ
ਉੱਡਣ ਵਾਲੇ ਸੱਪ ਕ੍ਰਿਸੋਪਿਲੀ ਜੀਨਜ਼ ਦੇ ਸੱਪ ਹਨ। ਉਹ ਬਹੁਤ ਘੱਟ ਜ਼ਹਿਰੀਲੇ ਹੁੰਦੇ ਹਨ। ਇਸ ਲਈ ਇਨਸਾਨਾਂ ਨੂੰ ਇਨ੍ਹਾਂ ਤੋਂ ਘੱਟ ਖਤਰਾ ਹੁੰਦਾ ਹੈ। ਇਹ ਸੱਪ ਦੱਖਣੀ-ਪੂਰਬੀ ਏਸ਼ੀਆ, ਦੱਖਣੀ ਚੀਨ, ਭਾਰਤ ਅਤੇ ਸ਼੍ਰੀਲੰਕਾ 'ਚ ਪਾਏ ਜਾਂਦੇ ਹਨ। ਭਾਰਤ 'ਚ ਇਹ ਮੱਧ ਭਾਰਤ, ਬਿਹਾਰ, ਓਡੀਸ਼ਾ ਅਤੇ ਪੱਛਮੀ ਬੰਗਾਲ 'ਚ ਵਧ ਪਾਏ ਜਾਂਦੇ ਹਨ। ਇਹ ਸੱਪ ਜ਼ਿਆਦਾ ਤੇਜ਼ ਰਫ਼ਤਾਰ ਨਾਲ ਚੱਲਣ ਦੀ ਸਮਰੱਥਾ ਰੱਖਦੇ ਹਨ।
ਇਸ ਤਰ੍ਹਾਂ ਉੱਡਦਾ ਹੈ ਸੱਪ
ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਇਹ ਸੱਪ ਉੱਡਦਾ ਹੈ ਪਰ ਅਜਿਹੀ ਹਕੀਕਤ 'ਚ ਹੈ ਨਹੀਂ। ਦਰਅਸਲ ਦਰੱਖਤ 'ਤੇ ਰਹਿਣ ਵਾਲਾ ਇਹ ਸੱਪ ਇਕ ਡਾਲ ਜਾਂ ਇਕ ਦਰੱਖਤ ਨਾਲ ਦੂਜੇ ਦਰੱਖਤ 'ਤੇ ਛਾਲ ਮਾਰਦਾ ਹੈ। ਇਸ ਲਈ ਸੱਪ ਆਪਣੇ ਸਰੀਰ ਨੂੰ ਫੁਲਾਉਂਦਾ ਹੈ ਅਤੇ ਸਰੀਰ ਨੂੰ ਵਿਸ਼ੇਸ਼ ਆਕਾਰ ਦਿੰਦਾ ਹੈ। ਇਸ ਤੋਂ ਬਾਅਦ ਇਕ ਡਾਲ ਤੋਂ ਦੂਜੀ ਡਾਲ 'ਤੇ ਛਾਲ ਮਾਰਦਾ ਹੈ। ਇਸ ਦੀ ਇਸੇ ਵਿਸ਼ੇਸ਼ਤਾ ਕਾਰਨ ਇਸ ਨੂੰ ਉੱਡਣ ਵਾਲਾ ਸੱਪ ਕਹਿੰਦੇ ਹਨ। ਇਹ ਇਸ ਤਰ੍ਹਾਂ ਛਾਲ ਮਾਰਦਾ ਹੈ, ਜਿਵੇਂ ਉਹ ਉੱਡ ਰਿਹਾ ਹੋਵੇ।