ਸੰਸਦ ’ਚ ਗੂੰਜਿਆ ਬੱਚੀ ਨਾਲ ਹੋਏ ਜਬਰ-ਜ਼ਿਨਾਹ ਦਾ ਮੁੱਦਾ, ਸਰਕਾਰ ਨੇ ਰਾਹੁਲ ਨੂੰ ਘੇਰਿਆ

08/05/2021 4:09:41 PM

ਨਵੀਂ ਦਿੱਲੀ— ਲੋਕ ਸਭਾ ਵਿਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਦਿੱਲੀ ਵਿਚ 9 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਅਤੇ ਕਤਲ ਦਾ ਮੁੱਦਾ ਚੁੱਕਿਆ। ਰੰਜਨ ਚੌਧਰੀ ਨੇ ਕਿਹਾ ਕਿ ਇਸ ’ਤੇ ਸਦਨ ਵਿਚ ਨਿੰਦਾ ਪ੍ਰਸਤਾਵ ਪਾਸ ਹੋਣਾ ਚਾਹੀਦਾ ਹੈ। ਉੱਥੇ ਹੀ ਇਸ ’ਤੇ ਸੰਸਦੀ ਕਾਰਜ ਰਾਜ ਮੰਤਰੀ ਅਰਜੁਨ ਮੇਘਵਾਲ ਨੇ ਰੰਜਨ ’ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਮੁੱਖ ਵਿਰੋਧੀ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੱਚੀ ਦੇ ਮਾਪਿਆਂ ਨਾਲ ਮੁਲਾਕਾਤ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝਾ ਕਰ ਕੇ ਬਾਲ ਸੁਰੱਖਿਆ ਨਾਲ ਜੁੜੇ ਕਾਨੂੰਨ ਦਾ ਉਲੰਘਣ ਕੀਤਾ ਹੈ, ਜਿਸ ਦੀ ਨਿੰਦਾ ਹੋਣੀ ਚਾਹੀਦੀ ਹੈ। 

ਹਾਲਾਂਕਿ ਚੌਧਰੀ ਨੇ ਇਹ ਮੁੱਦਾ ਚੁੱਕਦੇ ਹੋਏ ਕਿਹਾ ਕਿ ਦੇਸ਼ ਦੀ ਰਾਜਧਾਨੀ ਵਿਚ 9 ਸਾਲ ਦੀ ਦਲਿਤ ਬੱਚੀ ਨਾਲ ਜਬਰ-ਜ਼ਿਨਾਹ ਅਤੇ ਕਤਲ ਦੀ ਗੰਭੀਰ ਘਟਨਾ ਵਾਪਰੀ ਹੈ। ਬੱਚੀ ਦਾ ਜ਼ਬਰਨ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸਦਨ ’ਚ ਇਸ ’ਤੇ ਨਿੰਦਾ ਪ੍ਰਸਤਾਵ ਪਾਸ ਹੋਣਾ ਚਾਹੀਦਾ ਹੈ। ਇਸ ’ਤੇ ਫਿਰ ਮੇਘਵਾਲ ਨੇ ਕਿਹਾ ਕਿ ਚੌਧਰੀ ਜੀ, ਰਾਜਸਥਾਨ ’ਚ ਜਬਰ-ਜ਼ਿਨਾਹ ਦੇ ਮਾਮਲਿਆਂ ’ਤੇ ਕਿਉਂ ਨਹੀਂ ਬੋਲ ਰਹੇ? ਇਨ੍ਹਾਂ ਦੇ ਆਗੂ ਰਾਹੁਲ ਗਾਂਧੀ ਜਦੋਂ ਬੱਚੀ ਦੇ ਮਾਤਾ-ਪਿਤਾ ਨੂੰ ਮਿਲਣ ਗਏ ਤਾਂ ਬਾਲ ਸੁਰੱਖਿਆ ਕਾਨੂੰਨ ਦੀਆਂ ਧੱਜੀਆਂ ਉਡਾਈਆਂ। ਉਨ੍ਹਾਂ ਦੀ ਤਸਵੀਰ ਸ਼ੇਅਰ ਕੀਤੀ, ਕਾਨੂੰਨ ਦੇ ਉਲਟ ਕੰਮ ਕੀਤਾ। ਇਸ ਦੀ ਨਿੰਦਾ ਹੋਣੀ ਚਾਹੀਦੀ ਹੈ।

ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਦਿੱਲੀ ’ਚ ਉਸ 9 ਸਾਲਾ ਬੱਚੀ ਦੇ ਮਾਤਾ-ਪਿਤਾ ਨਾਲ ਮੁਲਾਕਾਤ ਕਰ ਕੇ ਪੂਰੀ ਮਦਦ ਦਾ ਭਰੋਸਾ ਦਿਵਾਇਆ ਸੀ, ਜਿਸ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ ਸੀ। ਬੱਚੀ ਦੇ ਪਰਿਵਾਰ ਨੇ ਉਸ ਨਾਲ ਜਬਰ-ਜ਼ਿਨਾਹ ਮਗਰੋਂ ਕਤਲ ਕੀਤੇ ਜਾਣ ਦਾ ਦੋਸ਼ ਲਾਇਆ ਹੈ। ਰਾਹੁਲ ਨੇ ਬੱਚੀ ਦੇ ਮਾਤਾ-ਪਿਤਾ ਨਾਲ ਮੁਲਾਕਾਤ ਦੀ ਤਸਵੀਰ ਸਾਂਝਾ ਕਰਦੇ ਹੋਏ ਟਵੀਟ ਕੀਤਾ ਸੀ ਕਿ ਮਾਤਾ-ਪਿਤਾ ਦੇ ਹੰਝੂ ਸਿਰਫ ਇਕ ਗੱਲ ਆਖ ਰਹੇ ਹਨ- ਉਨ੍ਹਾਂ ਦੀ ਧੀ, ਦੇਸ਼ ਦੀ ਧੀ ਨਿਆਂ ਦੀ ਹੱਕਦਾਰ ਹੈ ਅਤੇ ਨਿਆਂ ਦੇ ਰਸਤੇ ’ਤੇ ਮੈਂ ਉਨ੍ਹਾਂ ਨਾਲ ਹਾਂ। ਰਾਹੁਲ ਗਾਂਧੀ ਦੇ ਟਵਿੱਟਰ ਹੈਂਡਲ ਤੋਂ ਇਸ ਤਸਵੀਰ ਨੂੰ ਸਾਂਝਾ ਕਰਨ ਨੂੰ ਲੈ ਕੇ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਦਿੱਲੀ ਪੁਲਸ ਅਤੇ ਟਵਿੱਟਰ ਤੋਂ ਕਾਰਵਾਈ ਕਰਨ ਲਈ ਕਿਹਾ ਹੈ।

Tanu

This news is Content Editor Tanu