ਬਲਾਤਕਾਰ ਕੇਸ:ਸਾਧਵੀ ਨੇ ਪੋਪ ਦੇ ਪਤੀਨਿਧਾਂ ਨੂੰ ਭੇਜੀ ਚਿੱਠੀ

09/12/2018 6:17:49 PM

ਨਵੀਂ ਦਿੱਲੀ— ਇਕ ਰੋਮਨ ਕੈਥੋਲਿਕ ਬਿਸ਼ਪ 'ਤੇ ਬਲਾਤਕਾਰ ਦਾ ਦੋਸ਼ ਲਾਉਣ ਵਾਲੀ ਈਸਾਈ ਸਾਧਵੀ ਨੇ ਦੇਸ਼ ਵਿਚ ਪੋਪ ਦੇ ਪ੍ਰਤੀਨਿਧਾਂ ਨੂੰ ਇਕ ਚਿੱਠੀ ਲਿਖ ਕੇ ਉਸ ਪਾਦਰੀ ਨੂੰ ਹਟਾਉਣ ਦੀ ਮੰਗ ਕੀਤੀ ਹੈ ਜਿਸ 'ਤੇ ਉਸ ਨੇ ਸਿਆਸੀ ਸੰਬੰਧਾਂ ਤੇ ਧਨ ਰਾਹੀਂ ਕੇਸ ਨੂੰ ਰਫ਼ਾ-ਦਫ਼ਾ ਕਰਾਉਣ ਦਾ ਦੋਸ਼ ਲਾਇਆ ਹੈ। ਪੋਪ ਦੇ ਅਪੋਸਟੋਲਿਕ ਨਨਸਿਓ (ਇਕ ਕੂਟਨੀਤਕ ਮਿਸ਼ਨ) ਜਿਆਮਬਟਿਸਟਾ ਡੀਕੁਐਟਰੋ ਨੂੰ ਲਿਖੀ ਚਿੱਠੀ ਵਿਚ ਸਾਧਵੀ ਨੇ ਕਿਹਾ ਕਿ ਜਲੰਧਰ ਡਾਇਓਸਿਸ ਬਿਸ਼ਪ ਦੇ ਅਹੁਦੇ 'ਤੇ ਬੈਠੇ ਫਰੈਂਕੋ ਮੁਲੱਕਲ ਤੇ ਉਸ ਦੇ ਕਰੀਬੀਆਂ ਵੱਲੋਂ ਡਾਇਓਸਿਸ ਦੇ ਧਨ ਦੀ ਵਰਤੋਂ ਜ਼ਰੀਏ ਪੁਲੀਸ ਤਫ਼ਤੀਸ਼ ਨੂੰ ਲੀਹੋਂ ਲਾਹੁਣ ਦੇ ਯਤਨ ਕੀਤੇ ਜਾ ਰਹੇ ਹਨ। ਉਸ ਨੇ ਲਿਖਿਆ ''ਉਹ ਲੋਕਾਂ ਤੋਂ ਸਾਡੇ 'ਤੇ ਹਮਲੇ ਕਰਵਾ ਰਹੇ ਹਨ ਅਤੇ ਬਿਸ਼ਪ ਆਪਣੀ ਸਿਆਸੀ ਤੇ ਧਨ ਸ਼ਕਤੀ ਦੀ ਵਰਤੋਂ ਰਾਹੀਂ ਉਚ ਤਫ਼ਤੀਸ਼ੀ ਅਫ਼ਸਰਾਂ ਤੇ ਸਰਕਾਰ ਰਾਹੀਂ ਮੇਰੇ ਵਲੋਂ ਉਸ ਦੇ ਖ਼ਿਲਾਫ਼ ਦਾਇਰ ਕੀਤੀ ਕਾਨੂੰਨੀ ਪ੍ਰਕਿਰਿਆ ਨੂੰ ਰਫ਼ਾ-ਦਫ਼ਾ ਕਰਵਾਇਆ ਜਾ ਰਿਹਾ ਹੈ।''ਉਨ੍ਹਾਂ ਲਿਖਿਆ ਹੈ ''ਮੈਂ ਚਰਚ ਇੰਤਜ਼ਾਮੀਆ ਨੂੰ ਬੇਨਤੀ ਕਰਦੀ ਹਾਂ ਕਿ ਇਸ ਕੇਸ ਦੀ ਤੇਜ਼ੀ ਨਾਲ ਜਾਂਚ ਕਰਵਾਈ ਜਾਵੇ ਤੇ ਬਿਸ਼ਪ ਨੂੰ ਹਟਾਇਆ ਜਾਵੇ।'' ਇਸ ਦੌਰਾਨ, ਕੋਚੀ ਵਿਚ ਕੈਥੋਲਿਕ ਰਿਫ਼ਾਰਮ ਜਥੇਬੰਦੀਆਂ ਵੱਲੋਂ ਇਸ ਮਾਮਲੇ 'ਤੇ ਧਰਨਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ।
 

ਸਾਧਵੀ ਦੇ ਦੋਸ਼ ਈਸਾਈਅਤ 'ਤੇ ਲੁਕਵੇਂ ਹਮਲੇ ਦਾ ਹਿੱਸਾ: ਬਿਸ਼ਪ
ਈਸਾਈ ਸਾਧਵੀ ਵੱਲੋਂ ਜਲੰਧਰ ਡਾਇਓਸਿਸ ਦੇ ਬਿਸ਼ਪ ਫਰੈਂਕੋ ਮੁਲੱਕਲ ਵਿਰੁੱਧ ਲਾਏ ਗਏ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਨੂੰ ਦਲਿਤ ਈਸਾਈਆਂ 'ਤੇ ਲੁਕਵਾਂ ਹਮਲਾ ਦੱਸਿਆ ਗਿਆ ਹੈ। ਪੰਜਾਬ ਦੇ ਈਸਾਈ ਭਾਈਚਾਰੇ ਵੱਲੋਂ ਕੇਰਲਾ ਦੇ ਮੁੱਖ ਮੰਤਰੀ ਨੂੰ ਡਿਪਟੀ ਕਮਿਸ਼ਨਰ ਜਲੰਧਰ ਰਾਹੀਂ ਭੇਜੇ ਗਏ ਮੰਗ ਪੱਤਰ 'ਚ ਕਿਹਾ ਗਿਆ ਹੈ ਕਿ ਬਿਸ਼ਪ ਫਰੈਂਕੋ ਮੁਲੱਕਲ ਵਿਰੁੱਧ ਕੀਤਾ ਜਾ ਰਿਹਾ ਪ੍ਰਚਾਰ ਅਸਲ ਵਿਚ ਈਸਾਈ ਧਰਮ ਨੂੰ ਬਦਨਾਮ ਕਰਨ ਲਈ ਗਿਣੀ-ਮਿਥੀ ਸਾਜ਼ਿਸ਼ ਦਾ ਹਿੱਸਾ ਹੈ। ਉਧਰ ਬਿਸ਼ਪ ਫਰੈਂਕੋ ਮੁਲੱਕਲ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਇਕ ਵਾਰ ਫਿਰ ਝੂਠੇ ਦੱਸਦਿਆਂ ਕਿਹਾ ਹੈ ਕਿ ਕੇਰਲਾ ਵਿਚ ਜਿਹੜੇ ਰੋਸ ਪ੍ਰਦਰਸ਼ਨ ਹੋ ਰਹੇ ਹਨ ਉਹ ਅਸਲ ਵਿਚ ਦਬਾਅ ਦੀ ਰਣਨੀਤੀ ਤਹਿਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੇਰਲਾ ਦੇ ਐਸਪੀ ਨੇ ਇਹ ਕਿਹਾ ਹੈ ਕਿ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪੁਖਤਾ ਸਬੂਤ ਮੌਜੂਦ ਨਹੀਂ ਹਨ। ਜਾਂਚ ਦੌਰਾਨ ਉਨ੍ਹਾਂ ਨੇ ਪਹਿਲਾਂ ਵੀ ਕੇਰਲਾ ਪੁਲੀਸ ਦਾ ਸਹਿਯੋਗ ਕੀਤਾ ਸੀ ਅਤੇ ਹੁਣ ਵੀ ਉਹ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਤਿਆਰ ਹਨ। ਜੇ ਉਨ੍ਹਾਂ ਨੂੰ ਕੇਰਲਾ ਵੀ ਸੱਦਿਆ ਜਾਂਦਾ ਹੈ ਤਾਂ ਵੀ ਉਹ ਉਥੇ ਜਾਣਗੇ। ਉਨ੍ਹਾਂ ਕਿਹਾ ਇਕ ਵਾਰ ਉਨ੍ਹਾਂ ਆਪਣਾ ਅਹੁਦਾ ਛੱਡਣ ਬਾਰੇ ਵੀ ਸੋਚਿਆ ਸੀ ਪਰ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ ਅਜਿਹਾ ਕਰਨ ਨਾਲ ਭਾਈਚਾਰੇ 'ਚ ਗਲਤ ਸੁਨੇਹਾ ਜਾਵੇਗਾ।