ਮਾਸੂਮ ਨਾਲ ਬਲਾਤਕਾਰ ਤੇ ਕਤਲ ਮਾਮਲਾ : ਦੋਸ਼ੀ ਨੂੰ ਜਾਰੀ ਡੈੱਥ ਵਾਰੰਟ ''ਤੇ SC ਨੇ ਲਾਈ ਰੋਕ

02/20/2020 2:47:59 PM

ਨਵੀਂ ਦਿੱਲੀ (ਵਾਰਤਾ)— ਸੁਪਰੀਮ ਕੋਰਟ ਨੇ ਸੂਰਤ 'ਚ ਇਕ 3 ਸਾਲ ਦੀ ਬੱਚੀ ਨਾਲ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਇਕ ਸ਼ਖਸ ਅਨਿਲ ਯਾਦਵ ਦੀ ਫਾਂਸੀ ਦੀ ਸਜ਼ਾ ਲਈ ਜਾਰੀ ਡੈੱਥ ਵਾਰੰਟ 'ਤੇ ਵੀਰਵਾਰ ਨੂੰ ਰੋਕ ਲਾ ਦਿੱਤੀ। ਚੀਫ ਜਸਟਿਸ ਸ਼ਰਦ ਅਰਵਿੰਦ ਬੋਬੜੇ, ਜਸਟਿਸ ਬੀ. ਆਰ. ਗਵਈ ਅਤੇ ਜਸਟਿਸ ਸੂਰਈਆਕਾਂਤ ਦੀ ਬੈਂਚ ਨੇ ਸੂਰਤ ਦੀ ਪੋਕਸੋ ਅਦਾਲਤ ਵਲੋਂ ਜਾਰੀ ਡੈੱਥ ਵਾਰੰਟ 'ਤੇ ਰੋਕ ਲਾ ਦਿੱਤੀ। ਸੁਣਵਾਈ ਦੌਰਾਨ ਦੋਸ਼ੀ ਵਲੋਂ ਪੇਸ਼ ਸੀਨੀਅਰ ਵਕੀਲ ਅਪਰਾਜਿਤਾ ਸਿੰਘ ਨੇ ਬੈਂਚ ਨੂੰ ਦੱਸਿਆ ਕਿ ਗੁਜਰਾਤ ਹਾਈ ਕੋਰਟ ਵਲੋਂ ਮੌਤ ਦੀ ਸਜ਼ਾ ਦੀ ਪੁਸ਼ਟੀ ਤੋਂ ਬਾਅਦ ਕੋਰਟ ਵਲੋਂ ਅਪੀਲ ਲਈ 60 ਦਿਨਾਂ ਦਾ ਸਮਾਂ ਸੀ ਪਰ ਇਸ ਤੋਂ ਪਹਿਲਾਂ ਹੀ ਡੈੱਥ ਵਾਰੰਟ ਜਾਰੀ ਕਰ ਦਿੱਤਾ ਗਿਆ। ਇਸ 'ਤੇ ਚੀਫ ਜਸਟਿਸ ਬੋਬੜੇ ਨੇ ਕਿਹਾ ਕਿ ਪਹਿਲਾਂ ਹੀ ਸੁਪਰੀਮ ਕੋਰਟ ਦਾ ਆਦੇਸ਼ ਹੈ ਕਿ ਡੈੱਥ ਵਾਰੰਟ ਉਦੋਂ ਤਕ ਜਾਰੀ ਨਹੀਂ ਕੀਤਾ ਜਾ ਸਕਦਾ, ਜਦੋਂ ਤਕ ਕਿ ਦੋਸ਼ੀ ਸਾਰੇ ਕਾਨੂੰਨੀ ਉਪਚਾਰ ਪੂਰੇ ਨਾ ਕਰ ਲਵੇ। 

ਦਰਅਸਲ ਫਾਂਸੀ ਦੀ ਸਜ਼ਾ ਵਾਲੇ ਮਾਮਲਿਆਂ 'ਚ ਹਾਈ ਕੋਰਟ ਤੋਂ ਸਜ਼ਾ ਦੀ ਪੁਸ਼ਟੀ ਹੋਣ ਤੋਂ ਬਾਅਦ ਇਸ ਵਿਰੁੱਧ ਸੁਪਰੀਮ ਕੋਰਟ 'ਚ ਅਰਜ਼ੀ ਦਾਇਰ ਕਰਨ ਲਈ ਦੋਸ਼ੀ ਨੂੰ 60 ਦਿਨ ਦਾ ਸਮਾਂ ਮਿਲਦਾ ਹੈ ਪਰ ਇਸ ਕੇਸ 'ਚ ਗੁਜਰਾਤ ਹਾਈ ਕੋਰਟ ਵਲੋਂ ਫਾਂਸੀ ਦੀ ਸਜ਼ਾ ਬਰਕਰਾਰ ਰੱਖਣ ਦੇ ਆਦੇਸ਼ (27 ਦਸੰਬਰ 2019) ਦੇ ਮਹਿਜ 30 ਦਿਨ ਦੇ ਅੰਦਰ ਹੀ ਟਰਾਇਲ ਕੋਰਟ ਨੇ ਡੈੱਥ ਵਾਰੰਟ ਜਾਰੀ ਕਰ ਦਿੱਤਾ ਸੀ। ਇਸ ਆਧਾਰ 'ਤੇ ਸੁਪਰੀਮ ਕੋਰਟ ਨੇ ਅੱਜ ਡੈੱਥ ਵਾਰੰਟ 'ਤੇ ਰੋਕ ਲਾ ਦਿੱਤੀ ਸੀ।

ਕੀ ਸੀ ਮਾਮਲਾ— 
ਦੋਸ਼ੀ ਅਨਿਲ ਯਾਦਵ ਨੇ 14 ਅਕਤੂਬਰ 2018 'ਚ ਸੂਰਤ 'ਚ 3 ਸਾਲ ਦੀ ਬੱਚੀ ਨਾਲ ਬਲਾਤਕਾਰ ਕੀਤਾ ਸੀ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ ਸੀ। ਬੱਚੀ ਆਪਣੇ ਘਰ ਨੇੜੇ ਖੇਡ ਰਹੀ ਸੀ, ਤਾਂ ਉਸੇ ਇਮਾਰਤ ਵਿਚ ਰਹਿਣ ਵਾਲਾ 20 ਸਾਲਾ ਅਨਿਲ ਬੱਚੀ ਨੂੰ ਵਰਗਲਾ ਕੇ ਚੁੱਕ ਕੇ ਲੈ ਗਿਆ ਸੀ। ਉਹ ਉਸ ਨੂੰ ਆਪਣੇ ਕਮਰੇ 'ਚ ਲੈ ਗਿਆ, ਜਿੱਥੇ ਮਾਸੂਮ ਨਾਲ ਦਰਿੰਦਗੀ ਕੀਤੀ ਅਤੇ ਕਤਲ ਕਰਨ ਦਿੱਤਾ। ਲਾਸ਼ ਨੂੰ ਪਲਾਸਟਿਕ ਬੈਗ 'ਚ ਪਾ ਕੇ ਇਕ ਡਰਮ 'ਚ ਲੁਕੋ ਦਿੱਤਾ। ਫੜੇ ਜਾਣ ਦੇ ਡਰ ਤੋਂ ਬਾਅਦ ਉਹ ਆਪਣੇ ਕਮਰੇ ਨੂੰ ਤਾਲਾ ਲਾ ਕੇ ਫਰਾਰ ਹੋ ਗਿਆ। ਪੁਲਸ ਨੇ ਅਨਿਲ ਨੂੰ ਬਿਹਾਰ 'ਚ ਗ੍ਰਿਫਤਾਰ ਕੀਤਾ ਸੀ। ਅਨਿਲ ਨੂੰ ਸਪੈਸ਼ਲ ਪੋਸਕੋ ਕੋਰਟ ਨੇ ਮੌਤ ਦੀ ਸਜ਼ਾ ਸੁਣਾਈ ਸੀ। ਇਸ ਮਾਮਲੇ 'ਚ ਕਰੀਬ 9 ਮਹੀਨੇ ਸੁਣਵਾਈ ਚਲੀ ਸੀ, ਜਿਸ ਤੋਂ ਬਾਅਦ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਬੱਚੀ ਦੇ ਪਰਿਵਾਰ ਨੇ ਬਲਾਤਕਾਰ ਤੋਂ ਬਾਅਦ ਹੱਤਿਆ ਕਰਨ ਵਾਲੇ ਅਨਿਲ ਯਾਦਵ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਸੀ। 27 ਦਸੰਬਰ 2019 ਨੂੰ ਗੁਜਰਾਤ ਹਾਈ ਕੋਰਟ ਨੇ ਫਾਂਸੀ ਦੀ ਸਜ਼ਾ ਦੀ ਪੁਸ਼ਟੀ ਕਰ ਦਿੱਤੀ ਸੀ। 
 


Tanu

Content Editor

Related News