ਪੁਣੇ ਤੋਂ ਅਯੁੱਧਿਆ ਲਈ ਨਿਕਲੀ ਰਾਮਪੱਥ ਯਾਤਰਾ ਟਰੇਨ, ਉਤਸ਼ਾਹ ਨਾਲ ਭਰੇ ਸ਼ਰਧਾਲੂ

11/27/2021 4:44:27 PM

ਪੁਣੇ (ਭਾਸ਼ਾ)— ਕੇਂਦਰੀ ਰੇਲ ਰਾਜ ਮੰਤਰੀ ਰਾਵ ਸਾਹਿਬ ਦਾਨਵੇ ਨੇ ਮਹਾਰਾਸ਼ਟਰ ਦੇ ਪੁਣੇ ਨੂੰ ਉੱਤਰ ਪ੍ਰਦੇਸ਼ ਦੇ ਅਯੁੱਧਿਆ ਨਾਲ ਜੋੜਨ ਵਾਲੀ ਰਾਮਪੱਥ ਯਾਤਰਾ ਵਿਸ਼ੇਸ਼ ਟਰੇਨ ਨੂੰ ਸ਼ਨੀਵਾਰ ਨੂੰ ਹਰੀ ਝੰਡੀ ਵਿਖਾਈ। ਰੇਲਵੇ ਦੇ ਪੁਣੇ ਡਵੀਜ਼ਨ ਵਲੋਂ ਜਾਰੀ ਬਿਆਨ ਮੁਤਾਬਕ ਦਾਨਵੇ ਨੇ ਵੀਡੀਓ ਕਾਨਫਰੰਸ ਜ਼ਰੀਏ ਵਿਸ਼ੇਸ਼ ਤੀਰਥ ਯਾਤਰਾ ਟਰੇਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਮੁਤਾਬਕ ਦੇਸ਼ ਵਿਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ‘ਵੇਖੋ ਆਪਣਾ ਦੇਸ਼’ ਮੁਹਿੰਮ ਚਲਾਈ ਹੈ। 

ਰਾਮਪੱਥ ਯਾਤਰਾ ਟਰੇਨ ‘ਰਾਮਾਇਣ ਸਰਕਿਟ’ ਦਾ ਇਕ ਹਿੱਸਾ ਹੈ ਅਤੇ ਭਗਵਾਨ ਰਾਮ ਦੀ ਯਾਤਰਾ ਮਹੱਤਵਪੂਰਨ ਥਾਵਾਂ ਨੂੰ ਜੋੜਦੀ ਹੈ। ਬਿਆਨ ’ਚ ਦੱਸਿਆ ਗਿਆ ਕਿ ਰਾਮਪੱਥ ਯਾਤਰਾ ਤੀਰਥ ਯਾਤਰਾ ਲਈ ਇਕ ਵਿਸ਼ੇਸ਼ ਸੈਰ-ਸਪਾਟਾ ਟਰੇਨ ਹੈ, ਜੋ ਅਯੁੱਧਿਆ, ਨੰਦੀਗਖਾਮ, ਵਾਰਾਣਸੀ, ਪ੍ਰਯਾਗ, ਸ਼ਿ੍ਰੰਗਵੇਰਪੁਰ ਅਤੇ ਚਿੱਤਰਕੂਟ ਵਰਗੇ ਮਹੱਤਵਪੂਰਨ ਸੈਰ-ਸਪਾਟਾ ਵਾਲੀਆਂ ਥਾਵਾਂ ਤੋਂ ਲੰਘੇਗੀ। ਭਾਰਤੀ ਰੇਲਵੇ ਖਾਣ-ਪੀਣ ਅਤੇ ਸੈਰ-ਸਪਾਟਾ ਨਿਗਮ (ਆਈ. ਆਰ. ਸੀ. ਟੀ. ਸੀ.) ਦੀ ਵੈੱਬਸਾਈਟ ਜ਼ਰੀਏ ਇਸ ਟਰੇਨ ’ਚ ਆਨਲਾਈਨ ਮਾਧਿਅਮ ਤੋਂ ਸੀਟ ਰਾਖਵੀਂ ਕਰਵਾਈ ਜਾ ਸਕਦੀ ਹੈ। 

ਇਸ ਤੋਂ ਇਲਾਵਾ ਇਸ ਦੇ ਮੰਡਲੀ ਦਫ਼ਤਰਾਂ, ਖੇਤਰੀ ਦਫ਼ਤਰਾਂ ਅਤੇ ਸੈਰ-ਸਪਾਟਾ ਸੁਵਿਧਾ ਕੇਂਦਰਾਂ ਤੋਂ ਵੀ ਸੀਟ ਰਾਖਵੀਂ ਕਰਵਾਈ ਜਾ ਸਕਦੀ ਹੈ। ਬਿਆਨ ਮੁਤਾਬਕ ਪੁਣੇ-ਅਯੁੱਧਿਆ-ਪੁਣੇ ਟਰੇਨ ਯਾਤਰੀਆਂ ਦੇ ਚੜ੍ਹਨ ਅਤੇ ਉਤਰਨ ਲਈ ਲੋਨਾਵਾਲਾ, ਪਨਵੇਲ, ਕਲਿਆਣ, ਨਾਸਿਕ, ਮਨਮਾਡ, ਚਾਲੀਸਾਗਾਂਵ, ਜਲਗਾਂਵ, ਭੁਸਾਵਲ, ਖੰਡਵਾ ਅਤੇ ਇਟਾਰਸੀ ਵਿਚ ਰੁੱਕੇਗੀ, ਜਦਕਿ ਅਯੁੱਧਿਆ ਅਤੇ ਵਾਰਾਣਸੀ ਵਿਚ ਇਸ ਦੇ ਸੈਲਾਨੀ ਪੜਾਅ ਹੋਣਗੇ।

Tanu

This news is Content Editor Tanu