ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦੇ ਭਰਾ ਰਾਮਚੰਦਰ ਦਾ ਦਿਹਾਂਤ

07/21/2019 3:15:23 PM

ਨਵੀਂ ਦਿੱਲੀ— ਕੇਂਦਰੀ ਮੰਤਰੀ ਅਤੇ ਲੋਕ ਜਨ ਸ਼ਕਤੀ ਪਾਰਟੀ (ਲੋਜਪਾ) ਦੇ ਰਾਸ਼ਟਰੀ ਪ੍ਰਧਾਨ ਰਾਮਵਿਲਾਸ ਪਾਸਵਾਨ ਦੇ ਛੋਟੇ ਭਰਾ ਰਾਮਚੰਦਰ ਪਾਸਵਾਨ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹ ਕਾਫੀ ਦਿਨਾਂ ਤੋਂ ਬੀਮਾਰ ਸਨ। ਉਨ੍ਹਾਂ ਨੇ ਦਿੱਲੀ ਸਥਿਤ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਆਖਰੀ ਸਾਹ ਲਿਆ। ਉਨ੍ਹਾਂ ਨੂੰ ਬੀਤੀ 12 ਜੁਲਾਈ ਨੂੰ ਸੀਨੇ 'ਚ ਦਰਦ ਦੀ ਸ਼ਿਕਾਇਤ ਮਗਰੋਂ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਰਾਮਚੰਦਰ ਪਾਸਵਾਨ ਬਿਹਾਰ ਦੇ ਸਮਸਤੀਪੁਰ ਤੋਂ ਸੰਸਦ ਮੈਂਬਰ ਸਨ। ਰਾਮਚੰਦਰ ਪਾਸਵਾਨ ਦੇ ਦਿਹਾਂਤ ਕਾਰਨ ਸਿਆਸੀ ਗਲਿਆਰੇ ਵਿਚ ਸੋਗ ਦੀ ਲਹਿਰ ਹੈ।

ਹਸਪਤਾਲ 'ਚ ਭਰਤੀ ਕਰਾਉਣ ਤੋਂ ਬਾਅਦ ਪਰਿਵਾਰ ਦੇ ਇਕ ਮੈਂਬਰ ਨੇ ਜਾਣਕਾਰੀ ਦਿੱਤੀ ਸੀ ਕਿ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਜਿਸ ਕਾਰਨ ਉਨ੍ਹਾਂ ਨੂੰ ਵੈਟੀਲੇਟਰ 'ਤੇ ਰੱਕਿਆ ਗਿਆ ਸੀ। ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੇ ਵੀ ਹਸਪਤਾਲ ਜਾ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਸੀ। ਬਿਹਾਰ ਦੇ ਲੋਜਪਾ ਦੇ ਕਈ ਨੇਤਾ ਵੀ ਉਨ੍ਹਾਂ ਦਾ ਹਾਲ-ਚਾਲ ਜਾਣਨ ਲਈ ਦਿੱਲੀ ਆਉਣ ਦੀ ਤਿਆਰੀ ਵਿਚ ਸਨ।


ਰਾਮਚੰਦਰ ਪਾਸਵਾਨ ਦੀ ਮ੍ਰਿਤਕ ਦੇਹ ਰਾਮ ਮਨੋਹਰ ਲੋਹੀਆ ਹਸਪਤਾਲ ਤੋਂ ਉਨ੍ਹਾਂ ਦੇ ਦਿੱਲੀ ਆਵਾਸ ਰਾਜਿੰਦਰ ਪ੍ਰਸਾਦ ਰੋਡ ਲਿਜਾਇਆ ਜਾਵੇਗਾ। ਜਿਸ ਤੋਂ ਬਾਅਦ ਕੱਲ ਪਟਨਾ 'ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਚਿਰਾਗ ਪਾਸਵਾਨ ਨੇ ਆਪਣੇ ਚਾਚਾ ਰਾਮਚੰਦਰ ਪਾਸਵਾਨ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮਚੰਦਰ ਪਾਸਵਾਨ ਦੇ ਦਿਹਾਂਤ 'ਤੇ ਟਵੀਟ ਕਰ ਕੇ ਸੋਗ ਜ਼ਾਹਰ ਕੀਤਾ। ਜ਼ਿਕਰਯੋਗ ਹੈ ਕਿ ਲੋਕ ਜਨਸ਼ਕਤੀ ਪਾਰਟੀ ਦੇ ਨੇਤਾ ਰਾਮਚੰਦਰ ਪਾਸਵਾਨ ਸਮਤੀਪੁਰ ਲੋਕ ਸਭਾ ਸੀਟ ਤੋਂ ਦੂਜੀ ਵਾਰ ਜਿੱਤ ਹਾਸਲ ਕਰ ਕੇ ਸੰਸਦ ਮੈਂਬਰ ਬਣੇ ਸਨ।

Tanu

This news is Content Editor Tanu