ਰਾਮ ਜਨਮਭੂਮੀ-ਬਾਬਰੀ ਵਿਵਾਦ : ਸੁਪਰੀਮ ਕੋਰਟ 'ਚ ਅੱਜ ਸ਼ੁਰੂ ਹੋਵੇਗੀ ਅਹਿਮ ਸੁਣਵਾਈ

03/14/2018 10:27:24 AM

ਅਯੁੱਧਿਆ — ਅਯੁੱਧਿਆ ਦੇ ਹਿੰਦੂ, ਮੁਸਲਮਾਨ ਧਿਰ ਅਤੇ ਧਰਮਿਕ ਆਗੂਆਂ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਵਿਚ ਰਾਮ ਜਨਮਭੂਮੀ ਬਾਬਰੀ ਮਸਜਿਦ ਮਾਮਲੇ ਦੀ ਅੱਜ ਸ਼ੁਰੂ ਹੋ ਰਹੀ ਸੁਣਵਾਈ ਹੁਣ ਨਿਰੰਤਰ ਚਲਣੀ ਚਾਹੀਦੀ ਹੈ। ਸ਼੍ਰੀਰਾਮ ਜਨਮ ਭੂਮੀ ਦੇ ਟਰੱਸਟੀ ਅਤੇ ਮਣੀਰਾਮ ਦਾਸ ਕੈਂਟ ਦੇ ਮਹੰਤ ਨ੍ਰਿਤਗੋਪਾਲ ਦਾਸ ਨੇ ਕਿਹਾ ਹੈ ਕਿ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਰਾਮਜਨਮ ਭੂਮੀ ਵਿਵਾਦ ਦੀ ਸੁਣਵਾਈ ਲਗਾਤਾਰ ਹੋਣੀ ਚਾਹੀਦੀ ਹੈ ਕਿਉਂਕਿ ਦੇਸ਼ ਦੇ ਸਾਰੇ ਹਿੰਦੂ ਚਾਹੁੰਦੇ ਹਨ ਕਿ ਅਯੁੱਧਿਆ ਵਿਚ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਸ਼ਾਨਦਾਰ ਮੰਦਿਰ ਬਣੇ। ਉਨ੍ਹਾਂ ਨੇ ਕਿਹਾ ਕਿ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਜਨਮ ਸਥਾਨ 'ਤੇ ਪੂਜਾ ਅਤੇ ਪਾਠ ਰੋਜ਼ ਹੋ ਰਿਹਾ ਹੈ ਸਿਰਫ ਮੰਦਿਰ ਬਣਾਉਣਾ ਹੈ।
ਸ਼੍ਰੀ ਰਾਮ ਚੰਦਰ ਜੀ ਦੀ ਜਨਮ ਭੂਮੀ ਦੇ ਮੁੱਖ ਪੁਜਾਰੀ ਅਚਾਰਿਆ ਸਤਿੰਦਰ ਦਾਸ ਨੇ ਕਿਹਾ ਹੈ ਕਿ ਦੇਸ਼ ਦੀ ਸੁਪਰੀਮ ਕੋਰਟ ਵਿਚ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੀ ਸੁਣਵਾਈ ਹੁਣ ਰੁਕਣੀ ਨਹੀਂ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਇਸ ਦਾ ਜਲਦੀ ਫੈਸਲਾ ਇਸ ਲਈ ਵੀ ਜ਼ਰੂਰੀ ਹੋ ਜਾਂਦਾ ਹੈ ਤਾਂ ਜੋ ਦੇਸ਼ ਵਿਚ ਸ਼ਾਂਤੀ ਅਤੇ ਵਧੀਆ ਮਾਹੌਲ ਬਣਿਆ ਰਹੇ। ਉਨ੍ਹਾਂ ਨੇ ਕਿਹਾ ਕਿ ਜਿਥੇ ਰਾਮਲੱਲਾ ਦੀ ਸਥਾਪਨਾ ਕੀਤੀ ਗਈ ਹੈ ਉਸੇ ਸਥਾਨ 'ਤੇ ਹੀ ਭਗਵਾਨ ਰਾਮ ਦਾ ਜਨਮ ਸਥਾਨ ਹੈ। ਹਾਈ ਕੋਰਟ ਨੇ ਵੀ ਇਕ ਆਦੇਸ਼ ਵਿਚ ਕਿਹਾ ਹੈ ਕਿ ਕਾਫੀ ਸਮੇਂ ਤੋਂ ਭਗਵਾਨ ਰਾਮ ਟਾਟਪੱਟੀ ਵਿਚ ਹਨ, ਇਸ ਲਈ ਹੁਣ ਉਥੇ ਮੰਦਿਰ ਬਣਾਉਣਾ ਜ਼ਰੂਰੀ ਹੋ ਜਾਂਦਾ ਹੈ।

ਦਿਗੰਬਰ ਅਖਾੜਾ ਦੇ ਮਹੰਤ ਸੁਰੇਸ਼ ਦਾਸ ਨੇ ਕਿਹਾ ਕਿ ਹਾਈ ਕੋਰਟ ਨੇ ਆਪਣੇ ਆਦੇਸ਼ ਵਿਚ ਕਹਿ ਦਿੱਤਾ ਹੈ ਕਿ ਜਿਥੇ ਰਾਮਲੱਲਾ ਵਿਰਾਜਮਾਨ ਹਨ ਉਹ ਹੀ ਭਗਵਾਨ ਰਾਮ ਚੰਦਰ ਜੀ ਦੀ ਜਨਮ ਭੂਮੀ ਹੈ। ਹੁਣ ਦੇਸ਼ ਦੀ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਇਸ ਸਥਾਨ 'ਤੇ ਭਗਵਾਨ ਰਾਮ ਚੰਦਰ ਜੀ ਦਾ ਸ਼ਾਨਦਾਰ ਮੰਦਿਰ ਬਣ ਸਕੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹੁਣ ਇਸ ਕੇਸ ਦੀ ਸੁਣਵਾਈ ਲਗਾਤਾਰ ਚਲਣੀ ਚਾਹੀਦੀ ਹੈ। ਮਹੰਤ ਕੌਸ਼ਲ ਕਿਸ਼ੋਰ ਦਾਸ ਨੇ ਕਿਹਾ ਕਿ ਭਗਵਾਨ ਰਾਮ ਜਨਮ ਭੂਮੀ ਵਿਵਾਦ ਦਾ ਨਿਪਟਾਰਾ ਜਲਦੀ ਹੀ ਹੋ ਜਾਣਾ ਚਾਹੀਦਾ ਹੈ ਤਾਂ ਜੋ ਦੇਸ਼ ਵਿਚ ਅਮਨ-ਚੈਨ ਬਣਿਆ ਰਹੇ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਵਿਵਾਦ ਦਾ ਨਿਪਟਾਰਾ ਗੱਲਬਾਤ ਨਾਲ ਨਾ ਹੋ ਕੇ ਸੁਪਰੀਮ ਕੋਰਟ ਵਿਚ ਹੀ ਹੋਵੇਗਾ।
ਬਾਬਰੀ ਮਸਜ਼ਿਦ ਸ. ਹਾਜ਼ੀ ਮੁਹੰਮਦ ਹਾਸਿਮ ਅੰਸਾਰੀ ਦੇ ਉੱਤਰਾਧਿਕਾਰੀ ਅਤੇ ਬਾਬਰੀ ਮਸਜ਼ਿਦ ਦੀ ਪਾਰਟੀ ਦੇ ਨੇਤਾ ਮੁਹੰਮਦ ਇਕਬਾਲ ਨੇ ਕਿਹਾ ਕਿ ਭਗਵਾਨ ਰਾਮ ਜਨਮ ਭੂਮੀ ਅਤੇ ਬਾਬਰੀ ਮਸਜ਼ਿਦ ਕੇਸ ਦੀ ਬੁੱਧਵਾਰ ਤੋਂ ਹੋ ਰਹੀ ਸੁਣਵਾਈ ਹੁਣ ਲਗਾਤਾਰ ਹੋਣੀ ਚਾਹੀਦੀ ਹੈ ਜਿਸ ਨਾਲ ਦੇਸ਼ ਵਿਚ ਸਦਭਾਵਨਾ ਦਾ ਮਾਹੌਲ ਬਣਿਆ ਰਹੇ ਅਤੇ ਦੋਵੇਂ ਹੀ ਪੱਖ ਰਾਜਨਿਤੀ ਨਾ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਫੈਸਲਾ ਸਾਡੇ ਹੱਕ ਵਿਚ ਆਵੇਗਾ ਅਤੇ ਇਹ ਦੇਸ਼ ਲਈ ਇਕ ਮਿਸਾਲ ਕਾਇਮ ਕਰੇਗਾ।