ਗੁਜਰਾਤ ਕੈਡਰ IPS ਅਧਿਕਾਰੀ ਰਾਕੇਸ਼ ਅਸਥਾਨਾ ਨੇ ਦਿੱਲੀ ਪੁਲਸ ਕਮਿਸ਼ਨਰ ਦਾ ਸੰਭਾਲਿਆ ਕਾਰਜਭਾਰ

07/28/2021 4:08:29 PM

ਨਵੀਂ ਦਿੱਲੀ— ਭਾਰਤੀ ਪੁਲਸ ਸੇਵਾ (ਆਈ. ਪੀ. ਐੱਸ.) ਦੇ ਗੁਜਰਾਤ ਕੈਡਰ ਦੇ ਸੀਨੀਅਰ ਅਧਿਕਾਰੀ ਰਾਕੇਸ਼ ਅਸਥਾਨਾ ਨੇ ਬੁੱਧਵਾਰ ਨੂੰ ਦਿੱਲੀ ਦੇ ਪੁਲਸ ਕਮਿਸ਼ਨਰ ਦਾ ਅਹੁਦਾ ਸੰਭਾਲ ਲਿਆ। ਮੱਧ ਦਿੱਲੀ ਦੇ ਜਯ ਸਿੰਘ ਮਾਰਗ ’ਤੇ ਸਥਿਤ ਪੁਲਸ ਹੈੱਡਕੁਆਰਟਰ ਪਹੁੰਚਣ ’ਤੇ ਅਸਥਾਨਾ ਨੂੰ ਪੁਲਸ ਫੋਰਸ ਨੇ ਰਸਮੀ ਗਾਰਡ ਆਫ਼ ਆਨਰ ਦਿੱਤਾ। ਮੰਗਲਵਾਰ ਨੂੰ ਜਾਰੀ ਇਕ ਆਦੇਸ਼ ’ਚ ਗ੍ਰਹਿ ਮੰਤਰਾਲਾ ਨੇ ਕਿਹਾ ਸੀ ਕਿ ਫ਼ਿਲਹਾਲ ਸਰਹੱਦ ਸੁਰੱਖਿਆ ਫੋਰਸ (ਬੀ. ਐੱਸ. ਐੱਫ.) ਦੇ ਜਨਰਲ ਡਾਇਰੈਕਟਰ ਦੇ ਵਜੋਂ ਸੇਵਾ ਨਿਭਾ ਰਹੇ ਅਸਥਾਨਾ ਤੁਰੰਤ ਪ੍ਰਭਾਵ ਤੋਂ ਦਿੱਲੀ ਪੁਲਸ ਕਮਿਸ਼ਨਰ ਦਾ ਕਾਰਜਭਾਰ ਸੰਭਾਲਣਗੇ। ਉਨ੍ਹਾਂ ਦੀ ਨਿਯੁਕਤੀ 31 ਜੁਲਾਈ ਨੂੰ ਉਨ੍ਹਾਂ ਦੀ ਸੇਵਾ ਮੁਕਤੀ ਤੋਂ ਕੁਝ ਦਿਨ ਪਹਿਲਾਂ ਹੋਈ ਹੈ। ਉਨ੍ਹਾਂ ਦਾ ਕਾਰਜਕਾਲ ਇਕ ਸਾਲ ਦਾ ਹੋਵੇਗਾ। 

ਇਸ ਤਰ੍ਹਾਂ ਦੇ ਬਹੁਤ ਘੱਟ ਉਦਾਹਰਣ ਹਨ, ਜਦੋਂ ਅਰੁਣਾਚਲ ਪ੍ਰਦੇਸ਼-ਗੋਆ-ਮਿਜ਼ੋਰਮ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਕੈਡਰ ਤੋਂ ਬਾਹਰ ਕਿਸੇ ਆਈ. ਪੀ. ਐੱਸ. ਅਧਿਕਾਰੀ ਨੂੰ ਦਿੱਲੀ ਪੁਲਸ ਦੇ ਮੁਖੀ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਹੋਵੇ। 1984 ਬੈਂਚ ਦੇ ਆਈ. ਪੀ. ਐੱਸ. ਅਧਿਕਾਰੀ ਅਸਥਾਨਾ ਪਹਿਲਾਂ ਸੀ. ਬੀ. ਆਈ. ਵਿਚ ਵਿਸ਼ੇਸ਼ ਡਾਇਰੈਕਟਰ ਰਹਿ ਚੁੱਕੇ ਹਨ। ਸੀ. ਬੀ. ਆਈ. ’ਚ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਦਾ ਸੀ. ਬੀ.  ਆਈ. ਦੇ ਉਸ ਵੇਲੇ ਦੇ ਡਾਇਰੈਕਟਰ ਆਲੋਕ ਵਰਮਾ ਨਾਲ ਵਿਵਾਦ ਹੋ ਗਿਆ ਸੀ, ਜਿਸ ਵਿਚ ਦੋਹਾਂ ਨੇ ਇਕ-ਦੂਜੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ। ਦਿਲਚਸਪ ਗੱਲ ਹੈ ਕਿ ਵਰਮਾ ਸੀ. ਬੀ. ਆਈ. ਡਾਇਰੈਕਟਰ ਬਣਨ ਤੋਂ ਪਹਿਲਾਂ ਦਿੱਲੀ ਪੁਲਸ ਦੇ ਕਮਿਸ਼ਨਰ ਸਨ। ਸੀਨੀਅਰ ਆਈਪੀਐਸ ਅਧਿਕਾਰੀ ਬਾਲਾਜੀ ਸ੍ਰੀਵਾਸਤਵ ਨੂੰ ਜੂਨ ਦੇ ਅਖੀਰ ਵਿਚ ਐਸ ਐਨ ਸ੍ਰੀਵਾਸਤਵ ਪੁਲਿਸ ਕਮਿਸ਼ਨਰ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਪੁਲਿਸ ਕਮਿਸ਼ਨਰ ਦਾ ਵਾਧੂ ਚਾਰਜ ਦਿੱਤਾ ਗਿਆ ਸੀ।

Tanu

This news is Content Editor Tanu