ਆਫ਼ ਦਿ ਰਿਕਾਰਡ: ਰਾਜ ਸਭਾ ਸੀਟ 1, ਦਾਅਵੇਦਾਰ 3

05/18/2022 10:36:52 AM

ਨਵੀਂ ਦਿੱਲੀ– 2 ਸਾਲਾਂ ਦੀ ਨਾਰਾਜ਼ਗੀ ਤੋਂ ਬਾਅਦ ਆਖਿਰਕਾਰ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਨੇ ਗਾਂਧੀ ਪਰਿਵਾਰ ਤੋਂ ਸੂਬੇ ਦੀ ਕਮਾਨ ਆਪਣੇ ਹੱਥਾਂ ਵਿਚ ਲੈ ਲਈ ਹੈ। ਉਹ ਕੁਮਾਰੀ ਸ਼ੈਲਜਾ ਨੂੰ ਹਟਾ ਕੇ ਆਪਣੇ ਵਫਾਦਾਰ ਉਦੈਭਾਨ ਨੂੰ ਹਰਿਆਣਾ ਕਾਂਗਰਸ ਮੁਖੀ ਬਣਾਉਣ ਵਿਚ ਸਫਲ ਰਹੇ ਹਨ। ਹੁੱਡਾ ਖੁਦ ਕਾਂਗਰਸ ਵਿਧਾਇਕ ਦਲ ਦੇ ਨੇਤਾ ਹਨ ਅਤੇ ਉਨ੍ਹਾਂ ਦੇ ਬੇਟੇ ਰਾਜ ਸਭਾ ਦੇ ਮੈਂਬਰ ਹਨ।

ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਤੋਂ ਬਾਅਦ ਹੁਣ ਹੁੱਡਾ ਚਾਹੁੰਦੇ ਹਨ ਕਿ ਹਾਈ ਕਮਾਨ ਰਾਜ ਸਭਾ ਦੀ ਸੀਟ ਸੀਨੀਅਰ ਪਾਰਟੀ ਨੇਤਾ ਆਨੰਦ ਸ਼ਰਮਾ ਜਾਂ ਕਿਸੇ ਹੋਰ ਗੈ਼ਰ-ਜਾਟ ਨੇਤਾ ਨੂੰ ਸੌਂਪੇ। ਦੂਜੇ ਪਾਸੇ ਸ਼ੈਲਜਾ ਦਾ ਕਹਿਣਾ ਹੈ ਕਿ ਉਨ੍ਹਾਂ ਪੀ. ਸੀ. ਸੀ. ਦਾ ਅਹੁਦਾ ਛੱਡ ਦਿੱਤਾ ਹੈ ਅਤੇ ਹੁਣ ਉਨ੍ਹਾਂ ਨੂੰ ਰਾਜ ਸਭਾ ਦੀ ਸੀਟ ਮਿਲਣੀ ਚਾਹੀਦੀ ਹੈ। ਹਰਿਆਣਾ ਵਿਚ ਰਾਜ ਸਭਾ ਸੀਟਾਂ ਦੀ ਦੋ-ਸਾਲਾ ਚੋਣ ਇਸ ਮਹੀਨੇ ਦੇ ਅੰਤ ਵਿਚ ਹੋਣੀ ਹੈ। ਇਨ੍ਹਾਂ ਵਿਚੋਂ ਇਕ ਸੀਟ ਭਾਜਪਾ ਨੂੰ ਅਤੇ ਇਕ ਕਾਂਗਰਸ ਨੂੰ ਮਿਲੇਗੀ।

ਅਜਿਹੀ ਵੀ ਰਿਪੋਰਟ ਹੈ ਕਿ ਏ. ਆਈ. ਸੀ. ਸੀ. ਦੇ ਮੀਡੀਆ ਵਿਭਾਗ ਮੁਖੀ ਰਣਦੀਪ ਸੂਰਜੇਵਾਲਾ ਵੀ ਰਾਜ ਸਭਾ ਮੈਂਬਰਸ਼ਿਪ ਲਈ ਇੱਛੁਕ ਹਨ। ਉਹ ਰਾਹੁਲ ਗਾਂਧੀ ਦੇ ਵਿਸ਼ਵਾਸਪਾਤਰ ਹਨ। ਹੁੱਡਾ ਚਾਹੁੰਦੇ ਹਨ ਕਿ ਰਾਜ ਸਭਾ ਦੀ ਸੀਟ ਕਿਸੇ ਗ਼ੈਰ-ਜਾਟ, ਗ਼ੈਰ ਦਲਿਤ ਅਤੇ ਲਾਜ਼ਮੀ ਤੌਰ ’ਤੇ ਕਿਸੇ ਬ੍ਰਾਹਮਣ ਨੂੰ ਦਿੱਤੀ ਜਾਵੇ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਕਿਸੇ ਬ੍ਰਾਹਮਣ ਨੂੰ ਇਹ ਸੀਟ ਮਿਲਣ ਨਾਲ ਉਨ੍ਹਾਂ ਦੇ ਗੈ਼ਰ-ਜਾਟ ਵਿਧਾਨ ਸਭਾ ਖੇਤਰ ਵਿਚ ਉਨ੍ਹਾਂ ਦੀ ਸਥਿਤੀ ਮਜ਼ਬੂਤ ਹੋਵੇਗੀ।

ਜੇਕਰ ਹਾਈਕਮਾਨ ਆਨੰਦ ਸ਼ਰਮਾ ਨੂੰ ਟਿਕਟ ਦੇਣ ਲਈ ਰਾਜ਼ੀ ਨਹੀਂ ਹੁੰਦੀ ਹੈ ਤਾਂ ਹੁੱਡਾ ਕਿਸੇ ਹੋਰ ਬ੍ਰਾਹਮਣ ਨੇਤਾ ਨੂੰ ਪਹਿਲ ਦੇ ਸਕਦੇ ਹਨ। ਸਵਾਲ ਇਹ ਹੈ ਕਿ ਜੇਕਰ ਪਾਰਟੀ ਰਾਜ ਸਭਾ ਲਈ ਆਪਣੀ ਮਰਜ਼ੀ ਦਾ ਉਮੀਦਵਾਰ ਚੁਣਦੀ ਹੈ ਤਾਂ ਕੀ ਹੁੱਡਾ ਇਸ ਵਿਚ ਕੋਈ ਅੜਿੱਕਾ ਪਾਉਣ ਦੀ ਕੋਸ਼ਿਸ਼ ਕਰਨਗੇ ਜਾਂ ਪਾਰਟੀ ਹਾਈਕਮਾਨ ਦੀ ਇੱਛਾ ਦਾ ਸਨਮਾਨ ਕਰਦੇ ਹੋਏ ਰਣਦੀਪ ਸੂਰਜੇਵਾਲਾ ਨੂੰ ਸਵੀਕਾਰ ਕਰ ਲੈਣਗੇ।

Rakesh

This news is Content Editor Rakesh