ਰਾਫੇਲ ਦੇ ਮੁੱਦੇ ''ਤੇ ਰਾਜ ਸਭਾ ਵਿਚ ਹੋਇਆ ਖੂਬ ਹੰਗਾਮਾ

08/11/2018 11:48:36 AM

ਨਵੀਂ ਦਿੱਲੀ— ਅੱਜ ਸੰਸਦ ਵਿਚ ਕਾਂਗਰਸ ਅਤੇ ਹੋਰਨਾਂ ਵਿਰੋਧੀ ਪਾਰਟੀਆਂ ਨੇ ਰਾਫੇਲ ਦੇ ਮੁੱਦੇ 'ਤੇ ਰਾਜ ਸਭਾ ਵਿਚ ਖੂਬ ਹੰਗਾਮਾ ਕੀਤਾ। ਯੂ. ਪੀ. ਏ. ਦੀ ਮੁਖੀ ਅਤੇ ਕਾਂਗਰਸੀ ਸੰਸਦੀ ਦਲ ਦੀ ਨੇਤਾ ਦੀ ਅਗਵਾਈ 'ਚ ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਨੇਤਾਵਾਂ ਨੇ ਰਾਫੇਲ ਜਹਾਜ਼ ਸੌਦੇ ਦੀ ਜਾਂਚ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਨੂੰ ਸੰਸਦ ਭਵਨ ਕੰਪਲੈਕਸ ਵਿਚ ਧਰਨਾ-ਪ੍ਰਦਰਸ਼ਨ ਕੀਤਾ। ਸੰਸਦ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਸੋਨੀਆ ਦੀ ਅਗਵਾਈ ਵਿਚ ਕਾਂਗਰਸ ਨੇ ਸੀਨੀਅਰ ਨੇਤਾ ਏ. ਕੇ. ਐਂਟੋਨੀ, ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ, ਲੋਕ ਸਭਾ ਵਿਚ ਪਾਰਟੀ ਦੇ ਨੇਤਾ ਮਲਿਕਾਰਜੁਨ ਖੜਗੇ ਸਮੇਤ ਕਈ ਪ੍ਰਮੁਖ ਨੇਤਾ ਸੰਸਦ ਭਵਨ ਕੰਪਲੈਕਸ ਵਿਚ ਮਹਾਤਮਾ ਗਾਂਧੀ ਦੀ ਮੂਰਤੀ ਦੇ ਸਾਹਮਣੇ ਇਕੱਠੇ ਹੋਏ ਅਤੇ ਰਾਫੇਲ ਸੌਦੇ ਦੀ ਸੰਯੁਕਤ ਸੰਸਦੀ ਕਮੇਟੀ (ਜੇ. ਪੀ. ਸੀ.) ਤੋਂ ਜਾਂਚ ਕਰਵਾਉਣ ਦੀ ਮੰਗ ਨੂੰ ਲੈ ਕੇ ਵਿਖਾਵਾ ਕੀਤਾ। ਸੋਨੀਆ ਦੀ ਅਗਵਾਈ ਵਿਚ ਕਾਂਗਰਸ ਨੇਤਾਵਾਂ ਦੇ ਨਾਲ ਹੀ ਸਮਾਜਵਾਦੀ ਪਾਰਟੀ ਦੇ ਰਾਮਗੋਪਾਲ ਯਾਦਵ, ਬਸਪਾ ਦੀ ਮਾਇਆਵਤੀ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਵੰਦਨਾ ਚੌਹਾਨ, ਆਮ ਆਦਮੀ ਪਾਰਟੀ ਦੇ ਸੁਸ਼ੀਲ ਗੁਪਤਾ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਡੀ. ਰਾਜਾ ਨੇ ਵੀ ਧਰਨਾ ਦਿੱਤਾ। 
ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਰਾਫੇਲ ਜੰਗੀ ਜਹਾਜ਼ ਸੌਦੇ ਨੂੰ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਰੱਖਿਆ ਘਪਲਾ ਕਰਾਰ ਦਿੰਦੇ ਹੋਏ ਇਸ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਠਹਿਰਾਇਆ।
ਉਥੇ ਹੀ ਸਦਨ ਵਿਚ ਕਾਂਗਰਸ ਮੈਂਬਰਾਂ ਦੇ ਰਾਫੇਲ ਸੌਦੇ ਦੀ ਜਾਂਚ ਲਈ ਸੰਯੁਕਤ ਸੰਸਦੀ ਕਮੇਟੀ (ਜੇ. ਪੀ. ਸੀ.) ਗਠਿਤ ਕਰਨ ਦੀ ਮੰਗ ਨੂੰ ਲੈ ਕੇ ਹੰਗਾਮਾ ਕਰਨ ਕਾਰਨ ਸ਼ੁੱਕਰਵਾਰ ਨੂੰ ਰਾਜ ਸਭਾ ਵਿਚ ਪ੍ਰਸ਼ਨਕਾਲ ਨਹੀਂ ਹੋ ਸਕਿਆ ਅਤੇ ਕਾਰਵਾਈ ਦੁਪਹਿਰ 2.30 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਸਿਫਰ ਕਾਲ ਦੌਰਾਨ ਵੀ ਇਨ੍ਹਾਂ ਮੁੱਦਿਆਂ 'ਤੇ ਰੌਲੇ-ਰੱਪੇ ਕਾਰਨ ਸਦਨ ਦੀ ਕਾਰਵਾਈ ਲਗਭਗ 5 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ ਸੀ। ਚੇਅਰਮੈਨ ਐੱਮ. ਵੈਂਕਈਆ ਨਾਇਡੂ ਨੇ ਜਿਵੇਂ ਹੀ ਪ੍ਰਸ਼ਨਕਾਲ ਦੀ ਕਾਰਵਾਈ ਸ਼ੁਰੂ ਕੀਤੀ, ਉਵੇਂ ਹੀ ਕਾਂਗਰਸ ਦੇ ਮੈਂਬਰ ਜੇ. ਪੀ. ਸੀ. ਗਠਿਤ ਕਰਨ ਦੀ ਆਪਣੀ ਮੰਗ ਨੂੰ ਲੈ ਕੇ ਸੀਟ ਤੋਂ ਅੱਗੇ ਨਿਕਲ ਗਏ ਅਤੇ ਨਾਅਰੇਬਾਜ਼ੀ ਕਰਨ ਲੱਗੇ। ਇਨ੍ਹਾਂ ਦੇ ਨਾਲ ਹੀ ਸਮਾਜਵਾਦੀ ਪਾਰਟੀ ਦੇ ਮੈਂਬਰ ਵੀ ਦੇਵਰੀਆ ਮਾਮਲੇ ਨੂੰ ਲੈ ਕੇ ਨਾਅਰੇਬਾਜ਼ੀ ਕਰਦੇ ਹੋਏ ਚਰਚਾ ਕਰਨ ਦੀ ਮੰਗ ਕਰਨ ਲੱਗੇ।