ਰਾਜਪਥ ''ਤੇ ਦਿਸੇਗਾ ਨਿਊ ਇੰਡੀਆ, ਦੁਨੀਆ ਵੇਖੇਗੀ ਸਾਡੀ ਸ਼ਕਤੀ : ਮੋਦੀ

01/25/2020 10:20:10 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਣਤੰਤਰ ਦਿਵਸ ਪਰੇਡ ਵਿਚ ਸ਼ਾਮਲ ਹੋਣ ਜਾ ਰਹੇ ਕਲਾਕਾਰਾਂ ਅਤੇ ਸਕੂਲੀ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਭਾਰਤ ਦੇ ਵਡੱਪਣ ਦੀ ਇਕ ਹੋਰ ਸ਼ਕਤੀ ਇਸ ਦੀ ਭੂਗੋਲਿਕ ਅਤੇ ਸਮਾਜਿਕ ਵੰਨ-ਸੁਵੰਨਤਾ ਵਿਚ ਹੀ ਹੈ। ਸਾਡਾ ਇਹ ਦੇਸ਼ ਇਕ ਤਰ੍ਹਾਂ ਨਾਲ ਫੁੱਲਾਂ ਦੀ ਮਾਲਾ ਹੈ, ਜਿਥੇ ਰੰਗ-ਬਿਰੰਗੇ ਫੁੱਲ ਭਾਰਤੀਅਤਾ ਦੇ ਧਾਗੇ ਵਿਚ ਪਰੋਏ ਗਏ ਹਨ।

ਰਾਜਪਥ 'ਤੇ ਪਰੇਡ ਵਿਚ ਨਿਊ ਇੰਡੀਆ ਦਿਸੇਗਾ
ਮੋਦੀ ਨੇ ਕਿਹਾ ਕਿ ਰਾਜਪਥ 'ਤੇ ਪਰੇਡ ਵਿਚ ਨਿਊ ਇੰਡੀਆ ਦਿਸੇਗਾ। ਦੁਨੀਆ ਸਾਡੀ ਸ਼ਕਤੀ ਵੇਖੇਗੀ। ਨਰਿੰਦਰ ਮੋਦੀ ਨੇ ਰਾਸ਼ਟਰੀ ਵੀਰਤਾ ਪੁਰਸਕਾਰਾਂ ਨਾਲ ਸਨਮਾਨਤ ਬੱਚਿਆਂ ਨੂੰ ਮਿਲ ਕੇ ਉਨ੍ਹਾਂ ਨੂੰ ਦੇਸ਼ ਦਾ ਭਵਿੱਖ ਦੱਸਦਿਆਂ ਕਈ ਮੰਤਰ ਦਿੱਤੇ। ਪੀ. ਐੱਮ. ਨੇ ਇਸ ਦੌਰਾਨ ਆਪਣੀ ਵੀ ਇਕ ਕਹਾਣੀ ਸੁਣਾਈ। ਮੋਦੀ ਨੇ ਕਿਹਾ ਕਿ ਇਕ ਵਾਰ ਇਕ ਵਿਅਕਤੀ ਨੇ ਉਨ੍ਹਾਂ ਤੋਂ ਪੁੱਛਿਆ ਕਿ ਤੁਹਾਡੇ ਚਿਹਰੇ 'ਤੇ ਇੰਨਾ ਤੇਜ਼ ਕਿਵੇਂ ਹੈ? ਤਾਂ ਮੈਂ ਉਸ ਵਿਅਕਤੀ ਨੂੰ ਦੱਸਿਆ ਕਿ ਮੈਂ ਪੂਰਾ ਦਿਨ ਖੂਬ ਮਿਹਨਤ ਕਰਦਾ ਹਾਂ ਅਤੇ ਸਰੀਰ ਵਿਚੋਂ ਨਿਕਲਣ ਵਾਲਾ ਪਸੀਨਾ ਆਪਣੇ ਚਿਹਰੇ 'ਤੇ ਲਾ ਲੈਂਦਾ ਹੈ। ਇਸ ਨਾਲ ਮੇਰੇ ਚਿਹਰੇ 'ਤੇ ਇੰਨਾ ਤੇਜ਼ ਦਿਸਦਾ ਹੈ।

ਸਮ੍ਰਿਤੀ ਈਰਾਨੀ ਸਾਹਮਣੇ ਬੋਲੇ ਮੋਦੀ-ਕਿਉਂਕਿ ਸਾਸ ਭੀ ਕਭੀ ਬਹੂ ਥੀ
ਮੋਦੀ ਨੇ ਬੱਚਿਆਂ ਨੂੰ ਸਿੱਖਿਆ ਦਿੰਦਿਆਂ ਉਨ੍ਹਾਂ ਨਾਲ ਹਲਕਾ-ਫੁਲਕਾ ਮਜ਼ਾਕ ਵੀ ਕੀਤਾ। ਉਹ ਬੱਚਿਆਂ ਨੂੰ ਪਾਣੀ ਪੀਣ ਦੇ ਤਰੀਕੇ ਅਤੇ ਉਸ ਦੇ ਲਾਭ ਦੱਸ ਰਹੇ ਸਨ ਤਾਂ ਉਨ੍ਹਾਂ ਕਿਹਾ ਕਿ ਜਦੋਂ ਟੀ. ਵੀ. 'ਤੇ ਕੋਈ ਸੀਰੀਅਲ ਚੱਲ ਰਿਹਾ ਹੁੰਦਾ ਹੈ ਤਾਂ ਮਾਂ ਕਹਿੰਦੀ ਹੈ ਕਿ ਛੇਤੀ ਨਾਲ ਦੁੱਧ ਪੀ ਲਓ ਕਿਉਂਕਿ ਉਸ ਨੇ ਸੀਰੀਅਲ ਵੇਖਣਾ ਹੈ। ਮੋਦੀ ਨੇ ਇਸ ਤੋਂ ਤੁਰੰਤ ਬਾਅਦ ਬੱਚਿਆਂ ਤੋਂ ਪੁੱਛਿਆ ਕਿਹੜਾ ਸੀਰੀਅਲ ਵੇਖਦੀ ਹੈ ਤੁਹਾਡੀ ਮੰਮੀ-'ਕਿਉਂਕਿ ਸਾਸ ਭੀ ਕਭੀ ਬਹੂ ਥੀ'? ਇਸ 'ਤੇ ਪ੍ਰੋਗਰਾਮ ਵਿਚ ਮੌਜੂਦ ਸਮ੍ਰਿਤੀ ਈਰਾਨੀ ਜ਼ੋਰ ਨਾਲ ਹੱਸ ਪਈ ਅਤੇ ਉਥੇ ਮੌਜੂਦ ਹੋਰ ਲੋਕ ਵੀ ਹੱਸਣ ਲੱਗੇ।


DIsha

Content Editor

Related News