ਪ੍ਰਾਜੈਕਟ ਸੀ ਬਰਡ ਦੇ ਨੇਵੀ ਅੱਡੇ ਦਾ ਨਿਰੀਖਣ ਕਰਕੇ ਰਾਜਨਾਥ ਹੋਏ ਖੁਸ਼

06/25/2021 12:31:08 AM

ਕਾਰਵਾਰ (ਕਰਨਾਟਕ) – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਾਜੈਕਟ ਸੀ ਬਰਡ ਤਹਿਤ ਇਥੇ ਤਿਆਰ ਕੀਤਾ ਜਾ ਰਿਹਾ ਨੇਵੀ ਦਾ ਅੱਡਾ ਏਸ਼ੀਆ ’ਚ ਸਭ ਤੋਂ ਵੱਡਾ ਹੋਣਾ ਚਾਹੀਦਾ ਤੇ ਲੋੜ ਪੈਣ ’ਤੇ ਇਸ ਲਈ ਉਹ ਬਜਟ ਵਧਾਉਣ ਦੀ ਕੋਸ਼ਿਸ਼ ਕਰਣਗੇ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦਾ ਟੀਚਾ ਅਗਲੇ 10-12 ਸਾਲਾਂ ’ਚ ਦੁਨੀਆ ਦੀਆਂ ਟਾਪ 3 ਜਲ ਸੈਨਾ ’ਚ ਸ਼ਾਮਲ ਹੋਣ ਦਾ ਹੋਣਾ ਚਾਹੀਦਾ।

ਰਾਜਨਾਥ ਸਿੰਘ ਨੇ ਕਿਹਾ ਕਿ ਪ੍ਰੋਜੈਕਟ ਸੀ ਬਰਡ ਦਾ ਦੌਰਾ ਕਰਨ ਤੋਂ ਪਹਿਲਾਂ ਇਸ ਨੂੰ ਦੇਖਣ ਤੇ ਸਮਝਣ ਦੀ ਮੈਨੂੰ ਕਾਹਲ ਸੀ। ਮੈਂ ਕਾਰਵਾਰ ਨੂੰ ਬਹੁਤ ਨੇੜਿਓਂ ਦੇਖ ਕੇ ਖੁਸ਼ ਹਾਂ ਤੇ ਕਹਿ ਸਕਦਾ ਹਾਂ ਕਿ ਇਸ ਸਮੁੰਦਰੀ ਫੌਜ ਦੇ ਅੱਡੇ ਨੇ ਮੇਰੇ ਭਰੋਸੇ ਨੂੰ ਹੋਰ ਵਧਾ ਦਿੱਤਾ ਹੈ। ਉਨ੍ਹਾਂ ਨੇ ਨੇਵੀ ਦੇ ਅਧਿਕਾਰੀਆਂ ਤੇ ਨਾਵਿਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਪ੍ਰਾਜੈਕਟ ਦੇ ਪੂਰਾ ਹੋ ਜਾਣ ’ਤੇ ਨਾ ਸਿਰਫ ਭਾਰਤ ਦੀਆਂ ਰੱਖਿਆ ਤਿਆਰੀਆਂ ਮਜ਼ਬੂਤ ਹੋਣਗੀਆਂ ਸਗੋਂ ਦੇਸ਼ ਦਾ ਵਪਾਰ, ਅਰਥਵਿਵਸਥਾ ਤੇ ਉਸ ਵੱਲੋਂ ਮੁਹੱਈਆ ਕਰਵਾਈ ਜਾਣ ਵਾਲੀ ਮਨੁੱਖੀ ਸਹਾਇਤਾ ਵੀ ਮਜ਼ਬੂਤ ਹੋਵੇਗੀ। ਜਲ ਸੈਨਾ ਦੇ ਮੁਖੀ ਐਡਮਿਰਲ ਕਰਮਬੀਰ ਸਿੰਘ ਦੇ ਨਾਲ ਰੱਖਿਆ ਮੰਤਰੀ ਨੇ ਪ੍ਰੋਜੈਕਟ ਖੇਤਰ ਦਾ ਹਵਾਈ ਸਰਵੇਖਣ ਕੀਤਾ।

ਉਨ੍ਹਾਂ ਕਿਹਾ ਕਿ ਸਵਦੇਸ਼ੀ ਜੰਗੀ ਬੇੜੇ ਆਈ. ਐੱਨ. ਐੱਸ. ਵਿਕ੍ਰਾਂਤ ਦਾ ਨਿਰਮਾਣ ਛੇਤੀ ਪੂਰਾ ਹੋਣ ਦੀ ਉਮੀਦ ਹੈ ਤੇ ਆਜ਼ਾਦੀ ਦੇ 75ਵੇਂ ਵਰ੍ਹੇ ’ਚ ਇਸ ਨੂੰ ਜਲ ਸੈਨਾ ਦੇ ਬੇੜੇ ’ਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 

Inder Prajapati

This news is Content Editor Inder Prajapati