20 ਦਿਨ ਪਹਿਲਾਂ ਹੀ ਹੋਏ ਵਿਆਹ ਦਾ ਹੋਇਆ ਖੌਫਨਾਕ ਅੰਤ

03/21/2020 3:49:27 PM

ਭਰਤਪੁਰ— ਰਾਜਸਥਾਨ ਦੇ ਭਰਤਪੁਰ 'ਚ ਇਕ ਵਿਆਹੁਤਾ ਜੋੜੇ ਨੇ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ, ਉਨ੍ਹਾਂ ਦਾ ਵਿਆਹ ਸਿਰਫ਼ 20 ਦਿਨ ਪਹਿਲਾਂ ਹੀ ਹੋਇਆ ਸੀ। ਨਵਵਿਆਹੇ ਜੋੜੇ ਦੇ ਖੁਦਕੁਸ਼ੀ ਦੀ ਸੂਚਨਾ ਮਿਲਦੇ ਹੀ ਪੁਲਸ ਦੀ ਟੀਮ ਮੌਕੇ 'ਤੇ ਪਹੁੰਚੀ। ਉਨ੍ਹਾਂ ਨੇ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ, ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਵਿਆਹ ਤੋਂ ਬਾਅਦ ਖੁਸ਼ ਸਨ ਦੋਵੇਂ
ਮ੍ਰਿਤਕ ਜੋੜੇ ਦੀ ਪਛਾਣ ਉਪੇਂਦਰ ਅਤੇ ਜੋਤੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਵਿਆਹ ਤੋਂ ਬਾਅਦ ਜੋੜਾ ਕਾਫ਼ੀ ਖੁਸ਼ ਸੀ। ਪਰਿਵਾਰ ਵਾਲਿਆਂ ਅਨੁਸਾਰ, ਬੀਤੀ ਰਾਤ ਦੋਵੇਂ ਕਮਰੇ 'ਚ ਸੌਣ ਲਈ ਗਏ ਸਨ ਪਰ ਸਵੇਰੇ ਜਦੋਂ ਕਾਫ਼ੀ ਦੇਰ ਹੋਣ ਤੋਂ ਬਾਅਦ ਵੀ ਇਹ ਨਹੀਂ ਜਾਗੇ ਤਾਂ ਉਨ੍ਹਾਂ ਨੂੰ ਚਿੰਤਾ ਹੋਈ। ਇਸ ਤੋਂ ਬਾਅਦ ਕਾਫੀ ਦੇਰ ਤੱਕ ਉਨ੍ਹਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਕਮਰੇ ਤੋਂ ਕੋਈ ਆਵਾਜ਼ ਨਹੀਂ ਮਿਲੀ ਤਾਂ ਪਰਿਵਾਰ ਵਾਲਿਆਂ ਨੇ ਖਿੜਕੀ ਦੇ ਸਹਾਰੇ ਅੰਦਰ ਦੇਖਣ ਦੀ ਕੋਸ਼ਿਸ਼ ਕੀਤੀ।

ਪਰਿਵਾਰ ਵਾਲੇ ਲਾਸ਼ਾਂ ਦੇਖ ਹੋਏ ਹੈਰਾਨ
ਪਰਿਵਾਰ ਵਾਲਿਆਂ ਨੇ ਜਿਵੇਂ ਹੀ ਖਿੜਕੀ ਦੇ ਅੰਦਰ ਦੇਖਿਆ ਤਾਂ ਉਹ ਹੈਰਾਨ ਰਹਿ ਗਏ। ਪਤੀ ਅਤੇ ਪਤਨੀ ਦੋਹਾਂ ਦੀਆਂ ਲਾਸ਼ਾਂ ਫਾਂਸੀ 'ਤੇ ਲਟਕੀਆਂ ਹੋਈਆਂ ਸਨ। ਤੁਰੰਤ ਹੀ ਪਰਿਵਾਰ ਵਾਲਿਆਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਉਸ ਤੋਂ ਬਾਅਦ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਦੋਹਾਂ ਦੀਆਂ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜੀਆਂ।

ਦੋਹਾਂ ਦਰਮਿਆਨ ਕੋਈ ਵਿਵਾਦ ਨਹੀਂ ਸੀ
ਪਰਿਵਾਰ ਵਾਲਿਆਂ ਨੇ ਦੱਸਿਆ ਕਿ ਦੋਹਾਂ ਦਾ ਰਿਸ਼ਤਾ ਕਾਫ਼ੀ ਚੰਗਾ ਚੱਲ ਰਿਹਾ ਸੀ। ਵਿਆਹ ਦੇ ਬਾਅਦ ਤੋਂ ਦੋਵੇਂ ਖੁਸ਼ ਸਨ। ਕਿਤੇ ਕੋਈ ਵਿਵਾਦ ਨਹੀਂ ਸੀ ਪਰ ਜਿਸ ਤਰ੍ਹਾਂ ਨਾਲ ਦੋਹਾਂ ਨੇ ਇਕੱਠੇ ਜ਼ਿੰਦਗੀ ਖਤਮ ਕਰ ਲਈ, ਉਸ ਨਾਲ ਸਾਰੇ ਪਰਿਵਾਰ ਵਾਲੇ ਸਦਮੇ 'ਚ ਹਨ। ਫਿਲਹਾਲ ਪਰਿਵਾਰ ਵਾਲਿਆਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਆਖਰ ਜੋੜੇ ਨੇ ਖੁਦਕੁਸ਼ੀ ਕਿਉਂ ਕੀਤੀ। ਦੂਜੇ ਪਾਸੇ ਪੁਲਸ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ।


DIsha

Content Editor

Related News