ਜਾਨਲੇਵਾ ਕੋਰੋਨਾ: ਵਿਆਹ ''ਚ ਬੁਲਾਏ 50 ਤੋਂ ਵਧੇਰੇ ਮਹਿਮਾਨ, ਲੱਗਾ ਮੋਟਾ ਜ਼ੁਰਮਾਨਾ

06/28/2020 10:45:57 AM

ਭੀਲਵਾੜਾ— ਕੋਰੋਨਾ ਦਾ ਦੌਰ ਹੈ ਅਤੇ ਇਸ ਮਹਾਮਾਰੀ ਤੋਂ ਬਚਣ ਲਈ ਸਾਨੂੰ ਹਰ ਕਦਮ ਸੋਚ-ਸਮਝ ਕੇ ਰੱਖਣ ਦੀ ਲੋੜ ਹੈ। ਵਿਆਹਾਂ-ਸ਼ਾਦੀਆਂ 'ਤੇ ਭਾਰੀ ਇਕੱਠ ਨਾ ਕੀਤਾ ਜਾਵੇ ਤਾਂ ਚੰਗੀ ਗੱਲ ਹੈ। ਕੋਰੋਨਾ ਤੋਂ ਬਚਣ ਦਾ ਉਪਾਅ ਹੈ ਕਿ ਸਮਾਜਿਕ ਦੂਰੀ ਬਣਾ ਕੇ ਰੱਖੋ ਅਤੇ ਭੀੜ ਤੋਂ ਬਚੋ। ਕੇਂਦਰ ਜਾਂ ਸੂਬਾ ਸਰਕਾਰਾਂ ਵਲੋਂ ਸਖਤ ਹਿਦਾਇਤਾਂ ਦੇ ਬਾਵਜੂਦ ਕਈ ਲੋਕ ਕੋਰੋਨਾ ਨੂੰ ਹਲਕੇ 'ਚ ਲੈ ਰਹੇ ਹਨ, ਨਤੀਜੇ ਵਜੋਂ ਉਨ੍ਹਾਂ ਨੂੰ ਮਹਿੰਗਾ ਪੈ ਰਿਹਾ ਹੈ। ਰਾਜਸਥਾਨ ਦੇ ਭੀਲਵਾੜਾ 'ਚ ਇਕ ਵਿਆਹ ਸਮਾਰੋਹ ਵਿਚ ਪਾਬੰਦੀ ਦੇ ਬਾਵਜੂਦ 250 ਲੋਕਾਂ ਨੂੰ ਬੁਲਾਉਣਾ ਲਾੜੇ ਪੱਖ ਲਈ ਮਹਿੰਗਾ ਸਾਬਤ ਹੋਇਆ। ਬਰਾਤ ਵਿਚ ਕੋਰੋਨਾ ਅਜਿਹਾ ਫੈਲਿਆ ਕਿ ਵਿਆਹ ਸਮਾਰੋਹ 'ਚ ਹਿੱਸਾ ਲੈਣ ਵਾਲੇ 15 ਲੋਕ ਹੁਣ ਤੱਕ ਕੋਰੋਨਾ ਵਾਇਰਸ ਤੋਂ ਪੀੜਤ ਹੋ ਗਏ ਹਨ। ਇਸ 'ਚ ਲਾੜਾ ਵੀ ਸ਼ਾਮਲ ਹੈ। ਬਸ ਇੰਨਾ ਹੀ ਨਹੀਂ ਕੋਰੋਨਾ ਦੀ ਲਪੇਟ 'ਚ ਆ ਕੇ ਲਾੜੇ ਦੇ ਦਾਦਾ ਦੀ ਮੌਤ ਵੀ ਹੋ ਗਈ।

15 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਰਾਜਸਥਾਨ ਸਰਕਾਰ ਨੇ ਬਰਾਤ ਵਿਚ ਗਏ 127 ਲੋਕਾਂ ਨੂੰ ਕੁਆਰੰਟੀਨ ਕੀਤਾ ਹੈ। ਇਨ੍ਹਾਂ ਲੋਕਾਂ ਦੇ ਕੁਆਰੰਟੀਨ ਸੰੰਬੰਧੀ ਸਹੂਲਤਾਂ ਅਤੇ ਇਲਾਜ 'ਤੇ ਹੋਣ ਵਾਲੇ ਖਰਚ ਨੂੰ ਲਾੜੇ ਦੇ ਪਿਤਾ ਤੋਂ ਵਸੂਲਣ ਦਾ ਫੈਸਲਾ ਕੀਤਾ ਗਿਆ ਹੈ। ਸੂਬਾ ਸਰਕਾਰ ਮੁਤਾਬਕ ਇਨ੍ਹਾਂ ਲੋਕਾਂ ਨੂੰ ਕੁਆਰੰਟੀਨ ਕਰਨ 'ਚ ਹਾਲੇ ਤੱਕ 6 ਲੱਖ 26 ਹਜ਼ਾਰ 600 ਰੁਪਏ ਦਾ ਖਰਚ ਆਇਆ ਹੈ। ਭੀਲਵਾੜਾ ਦੇ ਜ਼ਿਲਾ ਮੈਜਿਸਟ੍ਰੇਟ ਨੇ ਨਿਰਦੇਸ਼ ਦਿੱਤਾ ਹੈ ਕਿ ਇਹ ਰਾਸ਼ੀ ਲਾੜੇ ਦੇ ਪਿਤਾ ਤੋਂ 3 ਦਿਨਾਂ ਦੇ ਅੰਦਰ ਵਸੂਲ ਕਰ ਕੇ ਮੁੱਖ ਮੰਤਰੀ ਰਾਹਤ ਫੰਡ ਵਿਚ ਜਮ੍ਹਾਂ ਕਰਵਾਈ ਜਾਵੇ। ਨਾਲ ਹੀ ਮੈਜਿਸਟ੍ਰੇਟ ਨੇ ਇਹ ਵੀ ਕਿਹਾ ਕਿ ਅੱਗੇ ਵੀ ਜੋ ਖਰਚ ਇਲਾਜ ਵਿਚ ਆਵੇਗਾ, ਉਸ ਨੂੰ ਜ਼ੁਰਮਾਨੇ ਦੇ ਰੂਪ ਵਿਚ ਲਾੜੇ ਦੇ ਪਰਿਵਾਰ ਤੋਂ ਵਸੂਲਿਆ ਜਾਵੇ। 

ਦੱਸ ਦੇਈਏ ਕਿ ਕੋਰੋਨਾ ਅਤੇ ਤਾਲਾਬੰਦੀ ਨੂੰ ਦੇਖਦਿਆਂ ਰਾਜਸਥਾਨ ਸਰਕਾਰ ਨੇ ਆਦੇਸ਼ ਜਾਰੀ ਕੀਤਾ ਸੀ ਕਿ ਕਿਸੇ ਵੀ ਵਿਆਹ ਸਮਾਰੋਹ ਵਿਚ 50 ਤੋਂ ਵਧੇਰੇ ਲੋਕ ਇਕੱਠੇ ਨਹੀਂ ਹੋ ਸਕਦੇ। 13 ਜੂਨ ਨੂੰ ਭੀਲਵਾੜਾ ਦੇ ਦਾਦਾ ਮੁਹੱਲੇ ਵਿਚ ਵਿਆਹ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਦੌਰਾਨ ਨਿਯਮਾਂ ਦਾ ਉਲੰਘਣ ਕਰ ਕੇ 250 ਲੋਕਾਂ ਨੂੰ ਸੱਦਾ ਦਿੱਤਾ ਗਿਆ। ਇਸ ਤੋਂ ਬਾਅਦ 21 ਜੂਨ ਤੋਂ ਹੀ ਵਿਆਹ ਵਿਚ ਹਿੱਸਾ ਲੈਣ ਵਾਲੇ ਕੋਰੋਨਾ ਪਾਜ਼ੇਟਿਵ ਦੇ ਰੂਪ ਵਿਚ ਸਾਹਮਣੇ ਆ ਰਹੇ ਹਨ।


Tanu

Content Editor

Related News