ਹੌਂਸਲੇ ਦੀ ਮਿਸਾਲ: ਦਿਵਿਆਂਗ ਗੌਰਵ ਨੇ ਪ੍ਰੀਖਿਆ 'ਚੋਂ ਹਾਸਲ ਕੀਤੇ 100 ਫ਼ੀਸਦੀ ਅੰਕ, ਅੱਖਾਂ ਤੋਂ ਵੀ ਹੈ ਕਮਜ਼ੋਰ

06/14/2023 5:22:54 PM

ਜੈਪੁਰ- ਰਾਜਸਥਾਨ ਦੇ ਰਹਿਣ ਵਾਲੇ ਗੌਰਵ ਨੇ ਕਮਾਲ ਕਰ ਦਿਖਾਇਆ ਹੈ। ਉਸ ਨੇ ਰਾਜਸਥਾਨ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੀ ਸੀਨੀਅਰ ਸੈਕੰਡਰੀ ਡੈਫ, ਡੰਬ ਅਤੇ ਸੀ.ਡਬਲਯੂ.ਐੱਸ.ਐੱਨ ਪ੍ਰੀਖਿਆ-2023  'ਚ 100 ਫ਼ੀਸਦੀ ਅੰਕਾਂ ਨਾਲ ਪਾਸ ਕੀਤਾ ਹੈ। ਗੌਰਵ ਯੋਗੀ ਸਾਇੰਸ ਸਟ੍ਰੀਮ 'ਚ ਪੜ੍ਹ ਰਿਹਾ ਸੀ ਅਤੇ ਉਸ ਨੇ ਹਿੰਦੀ, ਅੰਗਰੇਜ਼ੀ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਗਣਿਤ ਸਾਰੇ ਵਿਸ਼ਿਆਂ 'ਚ 100 'ਚੋਂ 100 ਅੰਕ ਪ੍ਰਾਪਤ ਕੀਤੇ ਹਨ।

ਇਹ ਵੀ ਪੜ੍ਹੋ : ‘ਬਲੂ ਇਕਾਨਮੀ’ ਦੇ ਆਡਿਟ ਲਈ ਨਵੀਂ ਤਕਨੀਕ ਵਿਕਸਿਤ ਕਰਨ ਦੀ ਲੋੜ : ਕੈਗ

ਖ਼ਾਸ ਗੱਲ ਇਹ ਹੈ ਕਿ ਗੌਰਵ ਦਿਵਿਆਂਗ ਹੈ। ਉਹ ਠੀਕ ਤਰ੍ਹਾਂ ਨਹੀਂ ਦੇਖ ਸਕਦਾ। ਉਸ ਨੂੰ ਮਾਇਨਸ 12 ਨੰਬਰ ਦੀ ਐਨਕ ਲੱਗੀ ਹੋਈ ਹੈ, ਜਿਸ ਦੀ ਮਦਦ ਨਾਲ ਉਹ ਥੋੜ੍ਹਾ ਜਿਹਾ ਦੇਖ ਸਕਦਾ ਹੈ। ਇੰਨਾ ਹੀ ਨਹੀਂ ਉਸ ਦਾ ਖੱਬਾ ਹੱਥ ਵੀ ਪੂਰੀ ਤਰ੍ਹਾਂ ਕੰਮ ਨਹੀਂ ਕਰਦਾ। ਗੌਰਵ ਰਾਜਸਥਾਨ ਦੇ ਮਹਵਾ ਦੌਸਾ 'ਚ ਸੰਤ ਰਾਜਕਰਨ ਦਾਸ ਸਿੱਖਿਆ ਸੰਸਥਾਨ ਸੀਨੀਅਰ ਸੈਕੰਡਰੀ ਸਕੂਲ 'ਚ ਪੜ੍ਹਦਾ ਹੈ। ਉਹ ਮੂਲ ਰੂਪ ਤੋਂ ਮਹਵਾ ਦੇ ਖੋਰਾ ਸਾਠਾ ਪਿੰਡ ਦਾ ਰਹਿਣ ਵਾਲਾ ਹੈ। ਗੌਰਵ ਦੇ ਪਿਤਾ ਮਹੇਸ਼ ਯੋਗੀ ਜੈਪੁਰ ਦੇ ਰਾਇਸਰ ਪਲਾਜ਼ਾ 'ਚ ਕੰਪਿਊਟਰ ਰਿਪੇਅਰਿੰਗ ਦਾ ਕੰਮ ਕਰਦੇ ਹਨ ਜਦਕਿ ਉਸਦੀ ਮਾਂ ਕੈਲਾਸ਼ੀ ਦੇਵੀ ਇੱਕ ਘਰੇਲੂ ਔਰਤ ਹੈ। ਸਕੂਲ ਦੇ ਸਹਾਇਕ ਡਾਇਰੈਕਟਰ ਮੁਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਹ ਵੱਡੀ ਪ੍ਰਾਪਤੀ ਹੈ। ਗੌਰਵ ਨੇ ਸਖ਼ਤ ਮਿਹਨਤ ਨਾਲ ਅਪੰਗਤਾ ਨੂੰ ਪਿੱਛੇ ਛੱਡਿਆ। ਦਰਅਸਲ ਗੌਰਵ ਆਈ.ਏ.ਐਸ ਅਫ਼ਸਰ ਬਣਨਾ ਚਾਹੁੰਦਾ ਹੈ।

ਇਹ ਵੀ ਪੜ੍ਹੋ: ਸੇਬੀ 14 ਜੁਲਾਈ ਨੂੰ ਅਰਾਈਜ਼ ਭੂਮੀ ਡਿਵੈੱਲਪਰਸ ਦੀਆਂ ਜਾਇਦਾਦਾਂ ਦੀ ਨਿਲਾਮੀ ਕਰੇਗਾ

ਗੌਰਵ ਨੇ 10ਵੀਂ ਦੀ ਬੋਰਡ ਪ੍ਰੀਖਿਆ 'ਚ 92 ਫ਼ੀਸਦੀ ਅੰਕ ਹਾਸਲ ਕੀਤੇ ਸਨ। ਗੌਰਵ ਕਦੇ ਸਕੂਲ ਮਿਸ ਨਹੀਂ ਕਰਦਾ। ਉਹ ਸਕੂਲ 'ਚ ਅਧਿਆਪਕਾਂ ਦੀਆਂ ਗੱਲਾਂ ਸੁਣ ਕੇ ਸਭ ਤੋਂ ਜ਼ਿਆਦਾ ਚੀਜ਼ਾਂ ਨੂੰ ਸਮਝਦੇ ਹਨ। ਸਕੂਲ ਤੋਂ ਬਾਅਦ ਨਿਯਮਿਤ ਰੂਪ ਨਾਲ 4-5 ਘੰਟੇ ਦੀ ਪੜ੍ਹਾਈ ਕਰਦੇ ਹਨ। 
ਰਾਜਸਥਾਨ ਬੋਰਡ ਸੀਨੀਅਰ ਸੈਕੰਡਰੀ ਡੈਫ, ਡੰਬ ਅਤੇ ਸੀ .ਡਬਿਲਊ.ਐੱਸ.ਐੱਨ ਪ੍ਰੀਖਿਆ ਲਈ ਵੱਖਰੇ ਤੌਰ 'ਤੇ ਨਤੀਜਾ ਜਾਰੀ ਕਰਦਾ ਹੈ। ਇਸ ਪ੍ਰੀਖਿਆ 'ਚ ਬੱਚਿਆਂ ਨੂੰ ਆਮ ਬੱਚਿਆਂ ਦੀ ਪ੍ਰੀਖਿਆ ਦੇ ਮੁਕਾਬਲੇ ਇੱਕ ਘੰਟਾ ਵਾਧੂ ਸਮਾਂ ਦਿੱਤਾ ਜਾਂਦਾ ਹੈ। ਇਸ ਵਾਰ ਇਸ ਪ੍ਰੀਖਿਆ ਦਾ ਨਤੀਜਾ 9 ਜੂਨ ਨੂੰ ਜਾਰੀ ਕੀਤਾ ਗਿਆ ਸੀ।

ਇਹ ਵੀ ਪੜ੍ਹੋ: GoFirst ਨੇ ਉਡਾਣਾਂ ਨੂੰ ਫਿਰ 16 ਜੂਨ ਤੱਕ ਕੀਤਾ ਰੱਦ, ਯਾਤਰੀਆਂ ਨੂੰ ਟਿਕਟ ਦੇ ਪੈਸੇ ਜਲਦ ਹੋਣਗੇ ਰਿਫੰਡ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 

Aarti dhillon

This news is Content Editor Aarti dhillon