ਰਾਜਸਥਾਨ ਨੂੰ ਮੋਦੀ ਦੀ 43 ਹਜ਼ਾਰ ਕਰੋੜ ਦੀ ਸੌਗਾਤ, ਹਜ਼ਾਰਾਂ ਲੋਕਾਂ ਨੂੰ ਮਿਲੇਗਾ ਰੋਜ਼ਗਾਰ

01/16/2018 3:34:55 PM

ਜੈਪੁਰ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਸਥਾਨ ਦੇ ਬਾਰਮੇਰ ਜ਼ਿਲੇ ਦੇ ਪਚਪਦਰਾ 'ਚ 43000 ਕਰੋੜ ਦੀ ਲਾਗਤ ਵਾਲੀ ਰਾਜਸਥਾਨ ਤੇਲ ਸੋਧਕ ਕਾਰਖਾਨੇ ਦਾ ਉਦਘਾਟਨ ਕੀਤਾ। ਐੱਚ.ਪੀ.ਸੀ.ਐੱਲ. ਅਤੇ ਰਾਜਸਥਾਨ ਸਰਕਾਰ ਦੇ ਇਸ ਸਾਂਝੇ ਉੱਦਮ ਕਾਰਨ 50 ਹਜ਼ਾਰ ਲੋਕਾਂ ਨੂੰ ਰੋਜ਼ਗਾਰ ਮਿਲਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਹਵਾਈ ਅੱਡੇ ਪਹੁੰਚ ਕੇ ਮੋਦੀ ਦਾ ਸਵਾਗਤ ਕੀਤਾ। ਰਿਫਾਈਨਰੀ ਦੇ ਉਦਘਾਟਨ ਮੌਕੇ ਵਸੁੰਧਰਾ ਰਾਜੇ ਤੋਂ ਇਲਾਵਾ ਰਾਜਸਥਾਨ ਦੇ ਰਾਜਪਾਲ ਗਵਰਨਰ ਕਲਿਆਣ ਸਿੰਘ, ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ, ਖੇਤੀਬਾੜੀ ਅਤੇ ਖੇਤੀਬਾੜੀ ਭਲਾਈ ਰਾਜ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ  ਅਤੇ ਸੂਚਨਾ ਪ੍ਰਸਾਰਨ ਰਾਜ ਮੰਤਰੀ ਰਾਜਵਰਧਨ ਰਾਠੌਰ ਵੀ ਸ਼ਾਮਲ ਸਨ।

 

ਅਜਿਹੇ 'ਚ ਮੋਦੀ ਨੇ ਟਵੀਟ ਕੀਤਾ ਹੈ ਕਿ ਰਾਜਸਥਾਨ ਦੇ ਪਚਪਦਰਾ ਦੀ ਇਹ ਰਿਫਾਈਨਰੀ ਸੂਬੇ ਦੀ ਪਹਿਲੀ ਰਿਫਾਇਨਰੀ ਹੋਵੇਗੀ ਜਿਸ ਤੋਂ ਰਾਜਸਥਾਨ ਦੇ ਲੋਕਾਂ ਨੂੰ ਤੇਲ ਅਤੇ ਗੈਸ ਪ੍ਰਾਪਤ ਹੋਵੇਗੀ। ਸੂਬੇ ਦੇ ਮਿਹਨਤੀ ਨੌਜਵਾਨ ਖਾਸ ਤੌਰ 'ਤੇ ਰਿਫਾਇਨਰੀ ਤੋਂ ਲਾਭ ਪ੍ਰਾਪਤ ਕਰਨਗੇ।


ਕਾਂਗਰਸ ਦਾ ਦੋਸ਼
ਰਿਫਾਇਨਰੀ ਨੂੰ ਲੈ ਕੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ 2013 'ਚ ਇਸ ਦਾ ਉਦਘਾਟਨ ਹੋ ਚੁੱਕਾ ਹੈ ਤਾਂ ਪ੍ਰਧਾਨ ਮੰਤਰੀ ਦੌਬਾਰਾ ਤੋਂ ਇਹ ਉਦਘਾਟਨ ਕਿਓਂ ਕਰ ਰਹੇ ਹਨ। ਗਹਿਲੋਤ ਨੇ ਕਿਹਾ ਕਿ ਇਸ ਕਰਕੇ ਪ੍ਰਧਾਨ ਮੰਤਰੀ ਮੋਦੀ ਆਪਣੇ ਅਹੁਦੇ ਦੀ ਸ਼ਾਨ ਘਟਾ ਰਹੇ ਹਨ। ਭਾਜਪਾ ਆਉਣ ਵਾਲੀਆਂ ਚੋਣਾਂ 'ਚ ਇਸਦਾ ਫਾਇਦਾ ਲੈਣਾ ਚਾਹੁੰਦੀ ਹੈ। ਇਸ ਵਿਵਾਦ ਤੋਂ ਬਾਅਦ ਵੰਡੇ ਗਏ ਸੱਦਾ ਪੱਤਰਾਂ 'ਤੇ 'ਕੰਮ ਸ਼ੁਰੂ ਸਮਾਰੋਹ' ਲਿਖਿਆ ਗਿਆ ਹੈ। ਇਸ 'ਤੇ ਗਹਿਲੋਤ ਨੇ ਕਿਹਾ ਕਿ ਇਹ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਸਰਕਾਰ ਦਾ ਮੂੰਹ ਢੱਕਣ ਵਰਗਾ ਕਦਮ ਹੈ। ਸਾਲ 2013 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲੇ ਗਹਿਲੋਤ ਸਰਕਾਰ ਨੇ ਸੋਨੀਆ ਗਾਂਧੀ ਨੂੰ ਬੁਲਾ ਕੇ ਰੇਲ ਰਿਫਾਇਨਰੀ ਦਾ ਉਦਘਾਟਨ ਕਰਵਾਇਆ ਸੀ ਪਰ ਵਸੁੰਧਰਾ ਰਾਜੇ ਦੇ ਸੱਤਾ 'ਚ ਆਉਂਦੇ ਹੀ ਇਸ ਪ੍ਰੌਜੈਕਟ ਨੂੰ ਘਾਟੇ ਦਾ ਸੌਦਾ ਦੱਸ ਕੇ ਬੰਦ ਕਰ ਦਿੱਤਾ ਸੀ। ਹੁਣ 2018 'ਚ ਵਿਧਾਨ ਸਭਾ ਚੋਣਾਂ ਹਨ ਤਾਂ ਵਸੁੰਧਰਾ ਰਾਜੇ ਨੇ 16 ਜਨਵਰੀ ਨੂੰ ਫਿਰ ਤੋਂ ਉਦਘਾਟਨ ਕਰਨ ਲਈ ਪ੍ਰਧਾਨ ਮੰਤਰੀ ਨੂੰ ਬੁਲਾਇਆ ਹੈ।


ਜ਼ਿਕਰਯੋਗ ਹੈ ਕਿ ਐੱਚ.ਪੀ.ਸੀ.ਐੱਲ. ਅਤੇ ਰਾਜਸਥਾਨ ਸਰਕਾਰ ਨੇ 43 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਸਾਂਝੇ ਉੱਦਮ ਸਦਕਾ ਇਹ ਰਾਜਸਥਾਨ ਦੀ ਪਹਿਲੀ ਰਿਫਾਇਨਰੀ ਹੋਵੇਗੀ। ਇਸ ਰਿਫਾਇਨਰੀ ਨੂੰ ਤੇਲ ਸਰੋਤ ਦੇ ਨੇੜੇ ਸਥਾਪਿਤ ਕੀਤਾ ਗਿਆ ਹੈ। ਪੈਟਰੋਲੀਅਮ ਮੰਤਰਾਲੇ ਦੇ ਸੂਤਰਾਂ ਅਨੁਸਾਰ ਇਸ ਪ੍ਰੋਜੈਕਟ ਕਾਰਨ 10 ਹਜ਼ਾਰ ਸਿੱਧੇ ਅਤੇ 40 ਹਜ਼ਾਰ ਅਸਿੱਧੇ ਤੌਰ 'ਤੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ।