ਮਹਾਰਾਸ਼ਟਰ ’ਚ ਮੀਂਹ ਨੇ ਮਚਾਈ ਤਬਾਹੀ, ਕੋਰੋਨਾ ਹਸਪਤਾਲ ’ਚ ਪਾਣੀ ਵੜਨ ਨਾਲ 8 ਮਰੀਜ਼ਾਂ ਦੀ ਗਈ ਜਾਨ

07/23/2021 11:09:09 PM

ਨੈਸ਼ਨਲ ਡੈਸਕ : ਮਹਾਰਾਸ਼ਟਰ ’ਚ ਮੀਂਹ ਨੇ ਕਹਿਰ ਮਚਾਇਆ ਹੋਇਆ ਹੈ, ਜਿਸ ਕਾਰਨ ਇਸ ਦੇ ਕੁਝ ਹਿੱਸਿਆਂ ਕੋਲਹਾਪੁਰ, ਰਾਏਗੜ੍ਹ, ਰਤਨਾਗਿਰੀ, ਪਾਲਘਰ, ਠਾਣੇ ਤੇ ਨਾਗਪੁਰ ’ਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਭਾਰੀ ਮੀਂਹ ਤੋਂ ਬਾਅਦ ਸ਼ੁੱਕਰਵਾਰ ਨੂੰ ਹੋਏ ਹਾਦਸਿਆਂ ’ਚ ਹੁਣ ਤਕ 57 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਭਾਰੀ ਮੀਂਹ ਕਾਰਨ ਰਤਨਾਗਿਰੀ ਜ਼ਿਲ੍ਹੇ ਦੇ ਚਿਪਲੂਨ ’ਚ ਅਪਰਾਂਤ ਹਸਪਤਾਲ ’ਚ ਹੜ੍ਹ ਦਾ ਪਾਣੀ ਵੜਨ ਨਾਲ ਇਥੋਂ ਦੀ ਬਿਜਲੀ ਸਪਲਾਈ ਗੁੱਲ ਹੋ ਗਈ। ਇਸ ਨਾਲ 8 ਮਰੀਜ਼ਾਂ ਦੀ ਮੌਤ ਹੋ ਗਈ। ਇਹ ਇਕ ਕੋਰੋਨਾ ਹਸਪਤਾਲ ਹੈ ਤੇ ਮਰਨ ਵਾਲੇ ਸਾਰੇ ਲੋਕ ਆਕਸੀਜਨ ਸੁਪੋਰਟ ’ਤੇ ਸਨ। ਉਥੇ ਹੀ ਰਾਏਗੜ੍ਹ ਦੇ ਤਲਈ ਪਿੰਡ ’ਚ ਪਹਾੜ ਦਾ ਮਲਬਾ ਰਿਹਾਇਸ਼ੀ ਇਲਾਕਿਆਂ ’ਚ ਆ ਗਿਆ ਤੇ ਇਸ ਹੇਠ 35 ਘਰ ਦੱਬ ਗਏ।

ਇਸ ਹਾਦਸੇ ’ਚ 36 ਲੋਕਾਂ ਦੀ ਮੌਤ ਹੋ ਗਈ, 70 ਤੋਂ ਜ਼ਿਆਦਾ ਲੋਕ ਲਾਪਤਾ ਹਨ। 32 ਲੋਕਾਂ ਦੀਆਂ ਲਾਸ਼ਾਂ ਬਾਹਰ ਕੱਢੀਆਂ ਗਈਆਂ ਹਨ। ਸਤਾਰਾ ਦੇ ਅੰਬੇਘਰ ਪਿੰਡ ’ਚ ਵੀ ਲੈਂਡ ਸਲਾਈਡਿੰਗ ਹੋਈ ਹੈ। ਇਥੇ 8 ਲੋਕਾਂ ਦੀ ਜਾਨ ਗਈ ਹੈ। ਮਲਬੇ ਹੇਠ ਤਕਰੀਬਨ 20 ਲੋਕ ਆ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ ਮਹਾਰਾਸ਼ਟਰ ਦੇ ਚਿਪਲੂਨ, ਕੋਹਲਾਪੁਰ, ਸਤਾਰਾ, ਅਕੋਲਾ, ਯਵਤਮਾਲ, ਹਿੰਗੋਲੀ ਜ਼ਿਲ੍ਹਿਆਂ ’ਚ ਭਾਰੀ ਮੀਂਹ ਪਿਆ ਹੈ। ਚਿਖਲੀ ਇਲਾਕੇ ’ਚ ਭਾਰੀ ਮੀਂਹ ਕਾਰਨ ਲੋਕਾਂ ਦੇ ਘਰਾਂ ’ਚ ਪਾਣੀ ਭਰ ਗਿਆ ਹੈ।

ਸ਼ੁੱਕਰਵਾਰ ਨੂੰ ਹੀ ਮੁੰਬਈ ਨਾਲ ਲੱਗਦੇ ਗੋਵੰਡੀ ’ਚ ਇਕ ਇਮਾਰਤ ਦੇ ਡਿਗਣ ਨਾਲ 4 ਲੋਕਾਂ ਦੀ ਮੌਤ ਹੋ ਗਈ ਹੈ। ਭਾਰੀ ਮੀਂਹ ਕਾਰਨ ਵਾਪਰੀਆਂ ਘਟਨਾਵਾਂ ਕਾਰਨ ਕੋਂਕਣਾ ਡਵੀਜ਼ਨ ’ਚ ਹੁਣ ਤਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਤਕਰੀਬਨ 700 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਹੈ। ਨੈਸ਼ਨਲ ਡਿਜ਼ਾਸਟਰ ਰੈਸਕਿਊ ਫੋਰਸ (ਐੱਨ. ਡੀ. ਆਰ. ਐੱਫ.) ਦੀਆਂ ਟੀਮਾਂ ਰੈਸਕਿਊ ’ਚ ਜੁਟੀਆਂ ਹਨ। ਰੱਸੀਆਂ ਤੇ ਕਿਸ਼ਤੀਆਂ ਰਾਹੀਂ ਲੋਕਾਂ ਨੂੰ ਘਰਾਂ ’ਚੋਂ ਬਾਹਰ ਸੁਰੱਖਿਅਤ ਕੱਢਿਆ ਜਾ ਰਿਹਾ ਹੈ। ਠਾਣੇ, ਪਾਲਘਰ ’ਚ ਅੱਜ ਵੀ ਤੇਜ਼ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।

Manoj

This news is Content Editor Manoj