ਭਾਰੀ ਬਾਰਿਸ਼ ਕਾਰਨ ਗੁਜਰਾਤ ''ਚ ਜਨਜੀਵਨ ਪ੍ਰਭਾਵਿਤ, MP ਦੇ 35 ਜ਼ਿਲਿਆਂ ''ਚ ਅਲਰਟ ਜਾਰੀ

09/12/2019 11:56:15 AM

ਭਰੂਚ/ਭੋਪਾਲ—ਤੇਜ਼ ਬਾਰਿਸ਼ ਕਾਰਨ ਨਰਮਦਾ ਨਦੀ ਖਤਰੇ ਦੇ ਨਿਸ਼ਾਨ 'ਤੇ ਪਹੁੰਚਣ ਕਾਰਨ ਮੱਧ ਪ੍ਰਦੇਸ਼ ਅਤੇ ਗੁਜਰਾਤ 'ਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਮੱਧ ਪ੍ਰਦੇਸ਼ ਦੇ 35 ਜ਼ਿਲਿਆਂ 'ਚ ਇੱਕ ਵਾਰ ਫਿਰ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਗੁਜਰਾਤ ਦੇ ਭਰੂਚ ਜ਼ਿਲੇ 'ਚ ਤੇਜ਼ ਬਾਰਿਸ਼ ਨਾਲ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ। ਇੱਥੇ ਗਲੀਆਂ 'ਚ ਕਿਸ਼ਤੀਆਂ ਚਲਾਈਆਂ ਜਾ ਰਹੀਆਂ ਹਨ।

ਗੁਜਰਾਤ ਦੇ ਭਰੂਚ ਜ਼ਿਲੇ ਦੇ ਕੁਲੈਕਟਰ ਐੱਮ. ਜੀ. ਮੋਡੀਆ ਨੇ ਦੱਸਿਆ ਹੈ, ''23 ਪਿੰਡਾਂ 'ਚ ਲਗਭਗ 4,000 ਲੋਕਾਂ ਨੂੰ ਹੁਣ ਤੱਕ ਰੈਸਕਿਊ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਭੇਜ ਦਿੱਤਾ ਗਿਆ ਹੈ। ਨਰਮਦਾ ਨਦੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਚੁੱਕੀ ਹੈ। 2 ਐੱਨ. ਡੀ. ਆਰ. ਐੱਫ ਅਤੇ ਇੱਕ ਐੱਸ. ਡੀ. ਆਰ. ਐੱਫ ਟੀਮ ਨੂੰ ਭਰੂਚ 'ਚ ਤਾਇਨਾਤ ਕੀਤਾ ਗਿਆ ਹੈ।''

ਇਹ ਵੀ ਜਾਣਕਾਰੀ ਮਿਲੀ ਹੈ ਕਿ ਸੂਬੇ 'ਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਸਰਦਾਰ ਸਰੋਵਰ ਬੰਨ੍ਹ ਤੋਂ ਪਾਣੀ ਛੱਡੇ ਜਾਣ ਨਾਲ ਇਸ ਦਾ ਪੱਧਰ ਵੱਧ ਕੇ 31 ਫੁੱਟ ਤੱਕ ਪਹੁੰਚ ਗਿਆ ਹੈ। ਭਰੂਚ ਦੇ ਕੁਲੈਕਟਰ ਐੱਮ. ਡੀ. ਮੋਡੀਆ ਨੇ ਕਿਹਾ ਕਿ ਅੰਕਸਲੇਸ਼ਵਰ ਨੂੰ ਭਰੂਚ ਨਾਲ ਜੋੜਨ ਵਾਲੇ ਗੋਲਡਨ ਬ੍ਰਿਜ 'ਤੇ ਨਦੀ ਖਤਰੇ ਦੇ ਨਿਸ਼ਾਨ 28 ਫੁੱਟ ਤੋਂ 3 ਫੁੱਟ ਉੱਪਰ ਪਹੁੰਚ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਹੈ, ''ਨਰਮਦਾ ਜ਼ਿਲੇ ਦੇ ਕੇਵੜਿਆ 'ਚ ਸਰਦਾਰ ਸਰੋਵਰ ਬੰਨ੍ਹ ਤੋਂ ਪਾਣੀ ਛੱਡੇ ਜਾਣ ਕਾਰਨ ਨਦੀ ਦਾ ਪੱਧਰ ਵੱਧਿਆ ਹੈ।''

ਸਰਦਾਰ ਸਰੋਵਰ ਨਰਮਦਾ ਨਿਗਮ ਲਿਮਟਿਡ ਦੇ ਚੀਫ ਇੰਜੀਨੀਅਰ ਪੀ. ਵੀ. ਵਿਆਸ ਨੇ ਕਿਹਾ ਹੈ ਕਿ ਸਰੋਵਰ 'ਚ 8.5 ਲੱਖ ਕਿਊਸਿਕ ਪਾਣੀ ਦਾ ਵਹਾਅ ਰਿਹਾ ਹੈ, ਜਿਸ 'ਚ 8 ਲੱਖ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਵਿਆਸ ਨੇ ਦੱਸਿਆ,''ਪਾਣੀ ਦਾ ਪੱਧਰ 136.92 ਮੀਟਰ ਤੱਕ ਪਹੁੰਚ ਗਿਆ ਹੈ ਅਤੇ ਸਾਨੂੰ ਉਮੀਦ ਹੈ ਕਿ ਇਸ ਮਹੀਨੇ ਦੇ ਆਖੀਰ ਤੱਕ ਇਹ 138.68 ਮੀਟਰ ਦੇ ਪੱਧਰ ਤੱਕ ਪਹੁੰਚ ਜਾਵੇਗਾ। ਪਾਣੀ ਛੱਡਣ ਦੇ ਲਈ ਬੰਨ੍ਹ ਦੇ ਕੁੱਲ 30 ਫਲੱਡ ਗੇਟਾਂ 'ਚੋਂ 23 ਨੂੰ ਖੋਲ ਦਿੱਤਾ ਗਿਆ ਹੈ।''

ਦੱਸਣਯੋਗ ਹੈ ਕਿ ਸੂਬਾ ਆਫਤ ਪ੍ਰਬੰਧਨ ਕੇਂਦਰ ਮੁਤਾਬਕ ਸੌਰਾਸ਼ਟਰ ਖੇਤਰ ਦੇ ਗਿਰ ਸੋਮਨਾਥ ਜ਼ਿਲੇ 'ਚ ਸੂਤਰਪਦਾ ਤਾਲੁਕਾ 'ਚ ਬੁੱਧਵਾਰ ਸਵੇਰੇ ਸਮਾਪਤ ਹੋਏ 24 ਘੰਟਿਆ ਦੌਰਾਨ ਸਭ ਤੋਂ ਜ਼ਿਆਦਾ 200 ਮਿਮੀ. ਬਾਰਿਸ਼ ਹੋਈ। ਇਸ ਤੋਂ ਇਲਾਵਾ ਸੌਰਾਸ਼ਟਰ ਦੇ ਜੂਨਾਗੜ੍ਹ ਜ਼ਿਲੇ ਅਤੇ ਦੱਖਣੀ ਗੁਜਰਾਤ 'ਚ ਸੂਰਤ, ਨਵਸਾਰੀ ਅਤੇ ਵਲਸਾੜ ਜ਼ਿਲਿਆਂ 'ਚ ਵੀ ਭਾਰੀ ਬਾਰਿਸ਼ ਹੋਈ। ਦੂਜੇ ਪਾਸੇ ਭੋਪਾਲ 'ਚ ਭਾਰੀ ਬਾਰਿਸ਼ ਕਾਰਨ ਭਾਰੀ ਤਬਾਹੀ ਮਚਾਈ ਹੈ। 11 ਸਤੰਬਰ ਤੋਂ 26 ਫੀਸਦੀ ਜ਼ਿਆਦਾ ਬਾਰਿਸ਼ ਹੋ ਚੁੱਕੀ ਹੈ। ਜ਼ਿਆਦਾਤਰ ਹਿੱਸਿਆਂ 'ਚ ਹੜ੍ਹ ਵਰਗੇ ਹਾਲਾਤ ਹਨ। ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ 'ਚ ਸੂਬੇ ਦੇ 35 ਜ਼ਿਲਿਆਂ 'ਚ ਭਾਰੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ।

Iqbalkaur

This news is Content Editor Iqbalkaur