ਯੂ.ਪੀ. 'ਚ ਬਾਰਸ਼, ਹਨ੍ਹੇਰੀ-ਤੂਫਾਨ ਅਤੇ ਬਿਜਲੀ ਡਿੱਗਣ ਨਾਲ 15 ਲੋਕਾਂ ਦੀ ਮੌਤ

07/13/2019 10:03:03 AM

ਲਖਨਊ— ਉੱਤਰ ਪ੍ਰਦੇਸ਼ 'ਚ ਬੀਤੇ 3 ਦਿਨਾਂ ਦੇ ਅੰਦਰ ਕਈ ਜ਼ਿਲਿਆਂ 'ਚ ਬਾਰਸ਼ ਹੋਈ। ਮਾਨਸੂਨੀ ਬਾਰਸ਼ ਨਾਲ ਰਾਜ ਦੇ 14 ਜ਼ਿਲੇ ਸਭ ਤੋਂ ਵਧ ਪ੍ਰਭਾਵਿਤ ਹੋਏ ਹਨ। ਇਨ੍ਹਾਂ ਜ਼ਿਲਿਆਂ 'ਚ ਭਾਰੀ ਬਾਰਸ਼, ਹਨ੍ਹੇਰੀ-ਤੂਫਾਨ ਅਤੇ ਬਿਜਲੀ ਡਿੱਗਣ ਨਾਲ 15 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਲੋਕ ਜ਼ਖਮੀ ਹੋ ਗਏ ਹਨ। ਮੌਤਾਂ ਦਾ ਇਹ ਅੰਕੜਾ ਅਧਿਕਾਰਤ ਹੈ, ਜੋ ਹਾਲੇ ਹੋਰ ਵਧ ਸਕਦਾ ਹੈ। ਅਧਿਕਾਰਤ ਅੰਕੜੇ ਦੇਖੀਏ ਤਾਂ ਬੀਤੇ 3 ਦਿਨਾਂ 'ਚ 15 ਲੋਕਾਂ ਦੀ ਹਨ੍ਹੇਰੀ-ਤੂਫਾਨ ਅਤੇ ਬਿਜਲੀ ਡਿੱਗਣ ਨਾਲ ਮੌਤ ਹੋਈ ਹੈ। ਉੱਥੇ ਹੀ 23 ਜਾਨਵਰ ਇਸ ਦੀ ਲਪੇਟ 'ਚ ਆਏ ਹਨ। ਇਸ ਤੋਂ ਇਲਾਵਾ 133 ਇਮਾਰਤਾਂ ਢਹਿ ਗਈਆਂ।

ਇਹ ਜ਼ਿਲੇ ਹੋਏ ਪ੍ਰਭਾਵਿਤ
ਯੂ.ਪੀ. ਦੇ ਜੋ ਜ਼ਿਲੇ ਕੁਦਰਤੀ ਆਫ਼ਤ ਨਾਲ ਸਭ ਤੋਂ ਵਧ ਪ੍ਰਭਾਵਿਤ ਹੋਏ ਹਨ, ਉਨ੍ਹਾਂ 'ਚ ਓਨਾਵ, ਅੰਬੇਡਕਰ ਨਗਰ, ਪ੍ਰਯਾਗਰਾਜ, ਬਾਰਾਬੰਕੀ, ਹਰਦੋਈ, ਲਖੀਮਪੁਰ ਖੀਰੀ, ਗੋਰਖਪੁਰ, ਕਾਨਪੁਰ ਨਗਰ, ਪੀਲੀਭੀਤ, ਸੋਨਭੱਦਰ, ਚੰਦੌਲੀ, ਫਿਰੋਜ਼ਾਬਾਦ, ਮਊ ਅਤੇ ਸੁਲਤਾਨਪੁਰ ਸ਼ਾਮਲ ਹਨ। ਮੌਸਮ ਵਿਭਾਗ ਅਨੁਸਾਰ ਤਾਂ ਆਉਣ ਵਾਲੇ ਦਿਨਾਂ 'ਚ ਇਸੇ ਤਰ੍ਹਾਂ ਨਾਲ ਮਾਨਸੂਨੀ ਬਾਰਸ਼ ਜਾਰੀ ਰਹੇਗੀ। ਕਈ ਇਲਾਕੇ ਹਨ੍ਹੇਰੀ-ਤੂਫਾਨ ਦੀ ਲਪੇਟ 'ਚ ਆਉਣਗੇ। ਅਗਲੇ 5 ਦਿਨਾਂ 'ਚ ਰਾਜਧਾਨੀ ਲਖਨਊ 'ਚ ਵੀ ਬਾਰਸ਼ ਹੋ ਸਕਦੀ ਹੈ। ਬਾਰਸ਼ ਨਾਲ ਕਈ ਇਲਾਕਿਆਂ 'ਚ ਤਾਲਾਬ ਪਾਣੀ ਨਾਲ ਭਰ ਗਏ ਹਨ।

DIsha

This news is Content Editor DIsha