ਰੇਲਵੇ ਵਲੋਂ ਏ. ਸੀ. ਵੇਟਿੰਗ ਰੂਮ ''ਚ ਵੀ ਲੱਗੇਗਾ ਚਾਰਜ, ਸ਼ੁਰੂਆਤ ਦਿੱਲੀ ਤੋਂ

06/23/2018 12:12:17 AM

ਨਵੀਂ ਦਿੱਲੀ— ਨਵੀਂ ਦਿੱਲੀ ਅਤੇ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਦੇ ਏ. ਸੀ. ਵੇਟਿੰਗ ਰੂਮ 'ਚ ਉਡੀਕ ਕਰਨ ਲਈ ਹੁਣ ਮੁਸਾਫਰਾਂ ਨੂੰ ਚਾਰਜ ਦੇਣਾ ਪਵੇਗਾ। ਦਰਅਸਲ ਦਿੱਲੀ ਡਵੀਜ਼ਨ ਇਨ੍ਹਾਂ ਦੋਵਾਂ ਰੇਲਵੇ ਸਟੇਸ਼ਨਾਂ ਦੇ ਵੇਟਿੰਗ ਰੂਮ ਦਾ ਪੀ. ਪੀ. ਪੀ. ਮਾਡਲ ਤਹਿਤ ਕਾਇਆਕਲਪ ਕਰਨ ਜਾ ਰਿਹਾ ਹੈ। 4 ਕੰਪਨੀਆਂ ਵਲੋਂ ਪੇਸ਼ਕਸ਼ ਵੀ ਦਿੱਤੀ ਗਈ ਹੈ, ਜਿਸ ਕੰਪਨੀ ਦੀ ਤਜਵੀਜ਼ ਸਭ ਤੋਂ ਵਧੀਆ ਹੋਵੇਗੀ, ਉਸ ਨੂੰ ਵੇਟਿੰਗ ਰੂਮ ਦੇ ਕੰਮ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ। ਇਸ ਦੇ ਲਈ ਟੈਂਡਰ ਦੇਣ ਦੀ ਪ੍ਰਕਿਰਿਆ ਚਲ ਰਹੀ ਹੈ। ਆਸ ਹੈ ਕਿ ਅਗਲੇ 1-2  ਮਹੀਨਿਆਂ ਅੰਦਰ ਰੈਨੋਵੇਸ਼ਨ ਦਾ ਕੰਮ ਸ਼ੁਰੂ ਹੋ ਜਾਵੇਗਾ।
ਇਹ ਦੋਵੇਂ ਦੇਸ਼ ਦੇ ਪਹਿਲੇ ਅਜਿਹੇ ਸਟੇਸ਼ਨ ਹੋਣਗੇ, ਜਿਥੇ ਵੇਟਿੰਗ ਰੂਮ ਪ੍ਰਾਈਵੇਟ ਕੰਪਨੀ ਸੰਭਾਲੇਗੀ। ਇਹ ਇਕ ਪਾਇਲਟ ਪ੍ਰਾਜੈਕਟ ਹੈ। ਇਸ ਦੇ ਕਾਮਯਾਬ ਹੋਣ ਮਗਰੋਂ ਦੇਸ਼ ਦੇ ਹੋਰਨਾਂ ਰੇਲਵੇ ਸਟੇਸ਼ਨਾਂ 'ਤੇ ਵੀ ਇਸੇ ਵਿਵਸਥਾ ਨੂੰ ਲਾਗੂ ਕੀਤਾ ਜਾਵੇਗਾ। 
ਰੇਲਵੇ ਦੇ ਅਧਿਕਾਰੀ ਦਾਅਵਾ ਕਰ ਰਹੇ ਹਨ ਕਿ ਇਨ੍ਹਾਂ ਵੇਟਿੰਗ ਰੂਮਾਂ ਦੀ ਸਰਵਿਸ ਪ੍ਰਾਈਵੇਟ ਰੈਸਟੋਰੈਂਟ ਵਰਗੀ ਹੋਵੇਗੀ, ਜਿਥੇ ਮੁਸਾਫਰਾਂ ਦੇ ਆਰਾਮ ਕਰਨ ਲਈ ਸਭ ਤੋਂ ਪਹਿਲਾਂ ਪੂਰਾ ਫਰਨੀਚਰ ਬਦਲਿਆ ਜਾਵੇਗਾ। ਮਾਡਰਨ ਦਿਖ ਵਾਲੇ ਫਰਨੀਚਰ ਲਗਾਏ ਜਾਣਗੇ। ਔਰਤਾਂ ਲਈ ਵੱਖਰਾ ਪਾਰਟੀਸ਼ਨ  ਕੀਤਾ ਜਾਵੇਗਾ ਅਤੇ ਬੇਬੀ ਕੇਅਰ ਰੂਮ ਬਣਾਇਆ ਜਾਵੇਗਾ। ਇਕ ਅਧਿਕਾਰਿਤ ਸੂਤਰ ਨੇ ਪੁਸ਼ਟੀ ਕੀਤੀ ਕਿ ਫਿਲਹਾਲ ਚਾਰਜ ਤੈਅ ਨਹੀਂ ਕੀਤਾ ਗਿਆ ਪਰ ਇਹ ਬਹੁਤ ਘੱਟ ਰੱਖਿਆ ਜਾਵੇਗਾ।