ਟਰੈਕਟਰ ਚਲਾ ਰੈਲੀ 'ਚ ਪਹੁੰਚੇ ਰਾਹੁਲ, ਟਰਾਲੀਆਂ ਜੋੜ ਬਣਾਏ ਮੰਚ ਤੋਂ ਕੀਤਾ ਕਿਸਾਨਾਂ ਨੂੰ ਸੰਬੋਧਨ

02/13/2021 4:33:51 PM

ਜੈਪੁਰ- ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਨਾਲ ਗੱਲ ਕਰਨ ਰਾਜਸਥਾਨ ਪਹੁੰਚੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਖ਼ੁਦ ਟਰੈਕਟਰ ਚਲਾਇਆ ਅਤੇ ਊਠ ਗੱਡੀ 'ਤੇ ਵੀ ਚੜ੍ਹੇ। ਅਜਮੇਰ ਕੋਲ ਰੂਪਨਗੜ੍ਹ 'ਚ ਕਿਸਾਨ ਸੰਵਾਦ ਪ੍ਰੋਗਰਾਮ ਰੱਖਿਆ ਗਿਆ ਸੀ। ਇੱਥੇ ਟਰਾਲੀਆਂ ਨੂੰ ਜੋੜ ਕੇ ਬਣਾਏ ਗਏ ਮੰਚ ਤੋਂ ਰਾਹੁਲ ਗਾਂਧੀ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ। ਇਸ ਤੋਂ ਬਾਅਦ ਕਾਂਗਰਸ ਨੇਤਾ ਉੱਥੇ ਰੱਖੇ ਮੰਜਿਆਂ 'ਚੋਂ ਇਕ ਮੰਜੇ 'ਤੇ ਬੈਠੇ। ਇਸ ਤੋਂ ਬਾਅਦ ਰਾਹੁਲ ਮੰਚ ਦੇ ਬਣੇ ਘੇਰੇ 'ਚ ਟਰੈਕਟਰ ਦੀ ਡਰਾਈਵਰ ਸੀਟ 'ਤੇ ਬੈਠ ਗਏ। ਉਨ੍ਹਾਂ ਨਾਲ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਕਾਂਗਰਸ ਪ੍ਰਦੇਸ਼ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਵੀ ਟਰੈਕਟਰ 'ਤੇ ਬੈਠੇ ਅਤੇ ਰਾਹੁਲ ਨੇ ਉੱਥੇ ਮੌਜੂਦ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਾਫ਼ੀ ਦੇਰ ਤੱਕ ਟਰੈਕਟਰ ਚਲਾਇਆ।

ਕਾਂਗਰਸ ਦੇ ਇਸ ਪ੍ਰੋਗਰਾਮ 'ਚ ਕਿਸਾਨ ਆਪਣੇ-ਆਪਣੇ ਟਰੈਕਟਰ ਲੈ ਕੇ ਪਹੁੰਚੇ ਸਨ। ਉੱਥੇ ਮੰਚ ਵੀ ਵੱਡੀਆਂ-ਵੱਡੀਆਂ ਟਰਾਲੀਆਂ ਨੂੰ ਜੋੜ ਕੇ ਬਣਾਇਆ ਗਿਆ ਸੀ। ਮੰਚ 'ਤੇ ਬੈਠਣ ਲਈ ਕੁਝ ਨਹੀਂ ਸੀ ਪਰ ਰਾਹੁਲ ਗਾਂਧੀ ਦੇ ਸੰਬੋਧਨ ਤੋਂ ਬਾਅਦ ਉੱਥੇ ਕੁਝ ਮੰਜੇ ਰੱਖੇ ਗਏ ਸਨ। ਇੱਥੋਂ ਮਕਰਾਨਾ ਜਾਂਦੇ ਹੋਏ ਪਰਬਤ ਸਰ ਕੋਲ ਰਾਹੁਲ ਗਾਂਧੀ ਦਾ ਸਵਾਗਤ ਕੀਤਾ ਗਿਆ। ਉੱਥੇ ਰਾਹੁਲ ਨੇ ਵਿਸ਼ੇਸ਼ ਰੂਪ ਨਾਲ ਸਜਾਈ ਗਈ ਊਠ ਗੱਡੀ 'ਤੇ ਚੜ੍ਹ ਕੇ ਲੋਕਾਂ ਦਾ ਧੰਨਵਾਦ ਕੀਤਾ। 

ਇਹ ਵੀ ਪੜ੍ਹੋ : ਵਸੀਮ ਜ਼ਾਫਰ ਵਿਵਾਦ 'ਤੇ ਬੋਲੇ ਰਾਹੁਲ ਗਾਂਧੀ- ਹੁਣ ਕ੍ਰਿਕੇਟ ਵੀ ਨਫ਼ਰਤ ਦੀ ਲਪੇਟ 'ਚ ਆਇਆ

DIsha

This news is Content Editor DIsha