ਮਾਣਹਾਨੀ ਮਾਮਲੇ ''ਚ ਦੋਸ਼ਸਿੱਧੀ ਖ਼ਿਲਾਫ਼ ਭਲਕੇ ਪਟੀਸ਼ਨ ਦਾਖ਼ਲ ਕਰਨਗੇ ਰਾਹੁਲ ਗਾਂਧੀ

04/02/2023 1:29:17 PM

ਸੂਰਤ (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ 2019 ਦੇ ਅਪਰਾਧਕ ਮਾਣਹਾਨੀ ਮਾਮਲੇ 'ਚ ਆਪਣੀ ਦੋਸ਼ਸਿੱਧੀ ਖ਼ਿਲਾਫ਼ ਸੂਰਤ (ਗੁਜਰਾਤ) ਦੀ ਇਕ ਅਦਾਲਤ 'ਚ ਸੋਮਵਾਰ ਨੂੰ ਪਟੀਸ਼ਨ ਦਾਖਲ ਕਰਨਗੇ। ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇਦੱਸਿਆ ਕਿ ਅਪਰਾਧਕ ਮਾਣਹਾਨੀ ਮਾਮਲੇ 'ਚ 2 ਸਾਲ ਜੇਲ੍ਹ ਦੀ ਸਜ਼ਾ ਦੇਣ ਦੇ ਹੇਠਲੀ ਅਦਾਲਤ ਦੇ ਆਦੇਸ਼ ਖ਼ਿਲਾਫ਼ ਪਟੀਸ਼ਨ ਦਾਇਰ ਕੀਤੇ ਜਾਣ ਦੌਰਾਨ ਰਾਹੁਲ ਗਾਂਧੀ ਦੇ ਸੈਸ਼ਨ ਅਦਾਲਤ 'ਚ ਮੌਜੂਦ ਰਹਿਣ ਦੀ ਸੰਭਾਵਨਾ ਹੈ। ਕਾਂਗਰਸ ਨੇਤਾ ਦੀ ਕਾਨੂੰਨ ਟੀਮ ਦੇ ਇਕ ਮੈਂਬਰ ਨੇ ਦੱਸਿਆ,''ਸੋਮਵਾਰ ਨੂੰ ਸੂਰਤ ਦੀ ਸੈਸ਼ਨ ਅਦਾਲਤ 'ਚ ਹੇਠਲੀ ਅਦਾਲਤ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾਇਰ ਕੀਤੀ ਜਾਵੇਗੀ। ਇਸ ਦੌਰਾਨ ਰਾਹੁਲ ਗਾਂਧੀ ਅਦਾਲਤ 'ਚ ਮੌਜੂਦ ਰਹਿਣਗੇ।''

ਸੂਤਰਾਂ ਅਨੁਸਾਰ, ਕਾਂਗਰਸ ਦੇ ਰਾਸ਼ਟਰੀ ਪੱਧਰ ਅਤੇ ਪ੍ਰਦੇਸ਼ ਇਕਾਈ ਦੇ ਨੇਤਾ ਰਾਹੁਲ ਨਾਲ ਸੂਰਤ ਜਾਣਗੇ। ਸੂਰਤ 'ਚ ਮੁੱਖ ਨਿਆਇਕ ਮੈਜਿਸਟ੍ਰੇਟ ਐੱਚ.ਐੱਚ. ਵਰਮਾ ਦੀ ਅਦਾਲਤ ਨੇ 'ਮੋਦੀ ਸਰਨੇਮ' ਨੂੰ ਲੈ ਕੇ ਰਾਹੁਲ ਵਲੋਂ ਕੀਤੀ ਗਈ ਟਿੱਪਣੀ ਦੇ ਸੰਬੰਧ 'ਚ ਦਾਇਰ ਅਪਰਾਧਕ ਮਾਣਹਾਨੀ ਦੇ ਮੁਕੱਦਮੇ 'ਚ ਉਨ੍ਹਾਂ ਨੂੰ 23 ਮਾਰਚ ਨੂੰ ਦੋਸ਼ੀ ਕਰਾਰ ਦਿੰਦੇ ਹੋਏ 2 ਸਾਲ ਦੀ ਸਜ਼ਾ ਸੁਣਾਈ ਸੀ। ਅਦਾਲਤ ਨੇ 52 ਸਾਲਾ ਰਾਹੁਲ ਨੂੰ ਭਾਰਤੀ ਦੰਡਾਵਲੀ ਦੀ ਧਾਰਾ 499 (ਮਾਣਹਾਨੀ) ਅਤੇ 500 (ਕਿਸੇ ਵਿਅਕਤੀ ਦੀ ਅਪਰਾਧਕ ਮਾਣਹਾਨੀ ਦੇ ਦੋਸ਼ੀ ਵਿਅਕਤੀ ਲਈ ਸਜ਼ਾ) ਦੇ ਅਧੀਨ ਦੋਸ਼ੀ ਠਹਿਰਾਇਆ ਸੀ। ਹਾਲਾਂਕਿ ਅਦਾਲਤ ਨੇ ਰਾਹੁਲ ਨੂੰ ਉਸੇ ਦਿਨ ਜ਼ਮਾਨਤ ਵੀ ਦੇ ਦਿੱਤੀ ਸੀ ਅਤੇ ਉਨ੍ਹਾਂ ਦੀ ਸਜ਼ਾ ਦੇ ਅਮਲ 'ਤੇ 30 ਦਿਨਾਂ ਲਈ ਰੋਕ ਲਗਾ ਦਿੱਤੀ ਸੀ ਤਾਂ ਕਿ ਉਹ ਉੱਪਰੀ ਅਦਾਲਤ 'ਚ ਅਪੀਲ ਦਾਖ਼ਲ ਕਰ ਸਕਣ। ਲੋਕ ਸਭਾ ਸਕੱਤਰੇਤ ਨੇ 24 ਮਾਰਚ ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਰਾਹੁਲ ਗਾਂਧੀ ਨੂੰ ਸੰਸਦ ਦੀ ਮੈਂਬਰਸ਼ਿਪ ਤੋਂ ਅਯੋਗ ਐਲਾਨ ਕਰ ਦਿੱਤਾ ਸੀ।

DIsha

This news is Content Editor DIsha