ਹੜ੍ਹ ਪ੍ਰਭਾਵਿਤ ਸਥਿਤੀ ਦਾ ਜਾਇਜ਼ਾ ਲੈਣ ਕੇਰਲ ਪੁੱਜੇ ਰਾਹੁਲ, ਕੀਤਾ ਇਹ ਟਵੀਟ

08/11/2019 6:00:30 PM

ਕੋਝੀਕੋਡ (ਭਾਸ਼ਾ)— ਕਾਂਗਰਸ ਨੇਤਾ ਰਾਹੁਲ ਗਾਂਧੀ ਆਪਣੇ ਸੰਸਦੀ ਖੇਤਰ ਵਾਇਨਾਡ 'ਚ ਹੜ੍ਹ ਕਾਰਨ ਹੋਈ ਤਬਾਹੀ ਦਾ ਜਾਇਜ਼ਾ ਲੈਣ ਲਈ ਐਤਵਾਰ ਨੂੰ ਕੇਰਲ ਪੁੱਜੇ। ਰਾਹੁਲ ਕਾਂਗਰਸ ਜਨਰਲ ਸਕੱਤਰ ਕੇ. ਸੀ. ਵੇਣੁਗੋਪਾਲ ਨਾਲ ਕੋਝੀਕੋਡ ਹਵਾਈ ਅੱਡੇ ਪੁੱਜੇ, ਜਿੱਥੋਂ ਉਹ ਸਿੱਧਾ ਹੜ੍ਹ ਪ੍ਰਭਾਵਿਤ ਮਲਪੁੱਰਮ ਜ਼ਿਲੇ ਗਏ। ਰਾਹੁਲ ਗਾਂਧੀ ਮਲਪੁੱਰਮ ਸਥਿਤ ਬੁਦਾਨਮ ਚਰਚ 'ਚ ਇਕ ਰਾਹਤ ਕੈਂਪ ਵਿਚ ਪੁੱਜੇ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਲੇ। ਪਾਰਟੀ ਸੂਤਰਾਂ ਮੁਤਾਬਕ ਰਾਹੁਲ ਗਾਂਧੀ ਵਾਇਨਾਡ ਵਿਚ ਰਾਹਤ ਕੈਂਪਾਂ ਦਾ ਦੌਰਾ ਕਰਨਗੇ ਅਤੇ ਸਰਕਾਰੀ ਅਧਿਕਾਰੀਆਂ ਨਾਲ ਰਾਹਤ ਕੰਮਾਂ ਦਾ ਨਿਰੀਖਣ ਕਰਨਗੇ।


ਰਾਹੁਲ ਗਾਂਧੀ ਨੇ ਟਵੀਟ ਕੀਤਾ, ''ਅਗਲੇ ਕੁਝ ਦਿਨਾਂ ਤਕ ਮੈਂ ਆਪਣੇ ਸੰਸਦੀ ਖੇਤਰ ਵਾਇਨਾਡ ਵਿਚ ਰਹਾਂਗਾ, ਜਿੱਥੇ ਹੜ੍ਹ ਕਾਰਨ ਤਬਾਹੀ ਮਚੀ ਹੋਈ ਹੈ। ਮੈਂ ਵਾਇਨਾਡ 'ਚ ਰਾਹਤ ਕੈਂਪਾਂ ਦਾ ਦੌਰਾ ਕਰਾਂਗਾ ਅਤੇ ਜ਼ਿਲਾ ਤੇ ਸੂਬਾ ਅਧਿਕਾਰੀਆਂ ਨਾਲ ਰਾਹਤ ਕੰਮਾਂ ਦਾ ਨਿਰੀਖਣ ਕਰਾਂਗਾ।'' ਇੱਥੇ ਦੱਸ ਦੇਈਏ ਕਿ ਵਾਇਨਾਡ ਅਤੇ ਮਲਪੁੱਰਮ ਜ਼ਿਲੇ ਵਿਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਕਈ ਲੋਕਾਂ ਦੀ ਮੌਤ ਹੋਈ ਅਤੇ ਕਈ ਲਾਪਤਾ ਦੱਸੇ ਜਾ ਰਹੇ ਹਨ। ਰਾਹੁਲ ਗਾਂਧੀ ਆਪਣੇ ਸੰਸਦੀ ਖੇਤਰ ਵਿਚ ਹੜ੍ਹ ਦੀ ਸਥਿਤੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜੇਯਨ, ਵਾਇਨਾਡ ਦੇ ਜ਼ਿਲਾ ਕਲੈਕਟਰ ਅਤੇ ਕਾਂਗਰਸ ਵਰਕਰਾਂ ਨਾਲ ਗੱਲਬਾਤ ਕਰ ਚੁੱਕੇ ਹਨ। ਲੋਕ ਸਭਾ ਚੋਣਾਂ 2019 ਜਿੱਤਣ ਤੋਂ ਬਾਅਦ ਰਾਹੁਲ ਦਾ ਇਹ ਦੂਜਾ ਵਾਇਨਾਡ ਦੌਰਾ ਹੈ।

Tanu

This news is Content Editor Tanu