ਗੋਡਸੇ ਅਤੇ PM ਮੋਦੀ ਦੀ ਵਿਚਾਰਧਾਰਾ ਇਕੋ ਜਿਹੀ : ਰਾਹੁਲ ਗਾਂਧੀ

01/30/2020 12:43:21 PM

ਵਾਇਨਾਡ— ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕੇਰਲ 'ਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੋਧੀ ਪ੍ਰਦਰਸ਼ਨਾਂ ਦੇ ਅਧੀਨ ਵਾਇਨਾਡ 'ਚ ਸੰਵਿਧਾਨ ਬਚਾਓ ਮਾਰਚ ਦੀ ਅਗਵਾਈ ਕੀਤੀ। ਇਸ ਰੈਲੀ 'ਚ ਕੇਰਲ ਕਾਂਗਰਸ ਦੇ ਕਈ ਸੀਨੀਅਰ ਨੇਤਾ ਸ਼ਾਮਲ ਹੋਏ। ਰਾਹੁਲ ਗਾਂਧੀ ਨੇ ਇਸ ਮੌਕੇ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਾਥੂਰਾਮ ਗੋਡਸੇ ਅਤੇ ਨਰਿੰਦਰ ਮੋਦੀ ਇਕ ਹੀ ਵਿਚਾਰਧਾਰਾ 'ਚ ਵਿਸ਼ਵਾਸ ਕਰਦੇ ਹਨ, ਇਨ੍ਹਾਂ 'ਚ ਕੋਈ ਫਰਕ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨਰਿੰਦਰ ਮੋਦੀ 'ਚ ਇਹ ਕਹਿਣ ਦੀ ਹਿੰਮਤ ਨਹੀਂ ਹੈ ਕਿ ਉਹ ਗੋਡਸੇ 'ਚ ਵਿਸ਼ਵਾਸ ਕਰਦੇ ਹਨ।

ਉਨ੍ਹਾਂ ਨੇ ਕਿਹਾ ਕਿ ਦੱਸ ਦਈਏ ਕਿ ਜਦੋਂ ਵੀ ਤੁਸੀਂ ਨਰਿੰਦਰ ਮੋਦੀ ਤੋਂ ਬੇਰੋਜ਼ਗਾਰੀ ਅਤੇ ਨੌਕਰੀਆਂ ਬਾਰੇ ਪੁੱਛਦੇ ਹੋ ਤਾਂ ਉਹ ਅਚਾਨਕ ਧਿਆਨ ਭਟਕਾਉਂਦੇ ਹਨ। ਐੱਨ.ਆਰ.ਸੀ. ਅਤੇ ਸੀ.ਏ.ਏ. ਨਾਲ ਨੌਕਰੀਆਂ ਨਹੀਂ ਮਿਲਣ ਜਾ ਰਹੀਆਂ ਹਨ। ਕਸ਼ਮੀਰ ਦੀ ਮੌਜੂਦਾ ਸਥਿਤੀ ਅਤੇ ਆਸਾਮ ਨੂੰ ਸਾੜਨ ਨਾਲ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਹੈ। ਨਾਗਰਿਕਤਾ ਕਾਨੂੰਨ ਨੂੰ ਲੈ ਕੇ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤੀਆਂ ਨੂੰ ਇਹ ਸਾਬਤ ਕਰਨ ਲਈ ਕਿਹਾ ਜਾ ਰਿਹਾ ਹੈ ਕਿ ਉਹ ਭਾਰਤੀ ਹਨ। ਉਨ੍ਹਾਂ ਨੇ ਪੁੱਛਿਆ ਕਿ ਮੈਂ ਭਾਰਤੀ ਹਾਂ। ਇਹ ਤੈਅ ਕਰਨ ਵਾਲੇ ਨਰਿੰਦਰ ਮੋਦੀ ਕੌਣ ਹਨ? ਉਨ੍ਹਾਂ ਨੂੰ ਇਹ ਤੈਅ ਕਰਨ ਦਾ ਲਾਇਸੈਂਸ ਕਿਸ ਨੇ ਦਿੱਤਾ ਹੈ ਕਿ ਕੌਣ ਭਾਰਤੀ ਹੈ ਅਤੇ ਕੌਣ ਨਹੀਂ? ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਮੈਂ ਇਕ ਭਾਰਤੀ ਹਾਂ ਅਤੇ ਮੈਨੂੰ ਇਸ ਨੂੰ ਸਾਬਤ ਕਰਨ ਦੀ ਜ਼ਰੂਰਤ ਨਹੀਂ ਹੈ।


DIsha

Content Editor

Related News