ਰਾਹੁਲ ਗਾਂਧੀ ਦਾ ਪੀ. ਐੱਮ. ਮੋਦੀ ''ਤੇ ਸ਼ਬਦੀ ਹਮਲਾ, ਬੋਲੇ- ''ਦੇਸ਼ ਨੂੰ ਬਰਬਾਦ ਕਰ ਰਹੇ ਹਨ''
07/30/2020 11:28:33 AM
ਨਵੀਂ ਦਿੱਲੀ— ਕਾਂਗਰਸ ਨੇਤਾ ਰਾਹੁਲ ਗਾਂਧੀ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖੇ ਸ਼ਬਦੀ ਹਮਲੇ ਕਰ ਰਹੇ ਹਨ। ਰਾਹੁਲ ਗਾਂਧੀ ਨੇ ਟਵਿੱਟਰ ਜ਼ਰੀਏ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ ਹੈ। ਆਪਣੇ ਟਵਿੱਟਰ ਹੈਂਡਲ 'ਤੇ ਉਨ੍ਹਾਂ ਲਿਖਿਆ- ਮੋਦੀ ਦੇਸ਼ ਨੂੰ ਬਰਬਾਦ ਕਰ ਰਹੇ ਹਨ। ਰਾਹੁਲ ਨੇ ਟਵਿੱਟਰ 'ਤੇ 4 ਪੁਆਇੰਟ ਟਵੀਟ ਕਰ ਕੇ ਪ੍ਰਧਾਨ ਮੰਤਰੀ ਮੋਦੀ 'ਤੇ ਸ਼ਬਦੀ ਹਮਲਾ ਬੋਲਿਆ ਹੈ। ਉਨ੍ਹਾਂ ਨੇ ਲਿਖਿਆ- ਮੋਦੀ ਦੇਸ਼ ਨੂੰ ਬਰਬਾਦ ਕਰ ਰਹੇ ਹਨ। 1- ਨੋਟਬੰਦੀ, 2- ਜੀ. ਐੱਸ. ਟੀ, 3- ਕੋਰੋਨਾ ਮਹਾਮਾਰੀ ਵਿਚ ਮਾੜੀ ਵਿਵਸਥਾ, 4- ਅਰਥਵਿਵਸਥਾ ਅਤੇ ਰੋਜ਼ਗਾਰ ਦਾ ਸੱਤਿਆਨਾਸ਼।
ਦੱਸਣਯੋਗ ਹੈ ਕਿ ਰਾਹੁਲ ਗਾਂਧੀ ਨੇ ਕੱਲ੍ਹ ਦੇਸ਼ ਨੂੰ 5 ਰਾਫੇਲ ਲੜਾਕੂ ਜਹਾਜ਼ ਦੀ ਪਹਿਲੀ ਖੇਪ ਮਿਲਣ 'ਤੇ ਹਵਾਈ ਫ਼ੌਜ ਨੂੰ ਵਧਾਈ ਦਿੱਤੀ ਪਰ ਨਾਲ ਹੀ ਸਰਕਾਰ ਨੂੰ 3 ਸਵਾਲ ਵੀ ਕੀਤੇ ਸਨ। ਉਨ੍ਹਾਂ ਨੇ ਸਵਾਲ ਕੀਤੇ ਕਿ ਇਕ ਜਹਾਜ਼ ਦੀ ਕੀਮਤ 526 ਕਰੋੜ ਦੀ ਬਜਾਏ 1670 ਕਰੋੜ ਰੁਪਏ ਕਿਉਂ ਅਦਾ ਕੀਤੀ ਗਈ? ਉਨ੍ਹਾਂ ਦੂਜਾ ਸਵਾਲ ਕੀਤਾ ਕਿ 126 ਜਹਾਜ਼ਾਂ ਦੀ ਬਜਾਏ 36 ਜਹਾਜ਼ ਹੀ ਕਿਉਂ ਖਰੀਦੇ ਗਏ ਅਤੇ 30 ਹਜ਼ਾਰ ਕਰੋੜ ਰੁਪਏ ਦਾ ਠੇਕਾ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐੱਚ. ਏ. ਐੱਲ.) ਦੀ ਬਜਾਏ ਦੀਵਾਲੀਆ ਹੋ ਚੁੱਕੇ ਉਦਯੋਗਪਤੀ ਅਨਿਲ ਅੰਬਾਨੀ ਨੂੰ ਕਿਉਂ ਦਿੱਤਾ ਗਿਆ?