ਕੋਰੋਨਾ ਨੇ ਖੋਲ੍ਹੀ ਗੁਜਰਾਤ ਮਾਡਲ ਦੀ ਪੋਲ : ਰਾਹੁਲ ਗਾਂਧੀ

06/16/2020 12:03:26 PM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘੇਰਦੇ ਹੋਏ ਕਿਹਾ ਕਿ ਕੋਵਿਡ-19 ਕਾਰਨ ਸਭ ਤੋਂ ਵੱਧ ਮੌਤ ਦਰ ਦੇ ਅੰਕੜਿਆਂ ਨੇ ਗੁਜਰਾਤ ਮਾਡਲ ਦੀ ਪੋਲ ਖੋਲ੍ਹ ਦਿੱਤੀ ਹੈ। ਰਾਹੁਲ ਨੇ ਮੰਗਲਵਾਰ ਨੂੰ ਟਵੀਟ ਕਰ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਸ਼ਾਸਿਤ ਗੁਜਰਾਤ ਅਤੇ ਕਾਂਗਰਸ ਦੇ ਸਹਿਯੋਗੀ ਦਲਾਂ ਦੇ ਸ਼ਾਸਨ ਵਾਲੇ 6 ਸੂਬਿਆਂ 'ਚ ਕੋਰੋਨਾ ਕਾਰਨ ਹੋਣ ਵਾਲੀ ਮੌਤ ਦਰ ਦੇ ਅੰਕੜੇ ਦਿੰਦੇ ਹੋਏ ਕਿਹਾ ਕਿ ਇਨ੍ਹਾਂ 7 ਸੂਬਿਆਂ 'ਚੋਂ ਸਭ ਤੋਂ ਵਧ ਮੌਤਾਂ ਗੁਜਰਾਤ 'ਚ ਹੋਈਆਂ ਹਨ, ਜਿਸ ਨਾਲ ਸ਼੍ਰੀ ਮੋਦੀ ਦੇ ਗੁਜਰਾਤ ਮਾਡਲ ਦੀ ਪੋਲ ਖੁੱਲ੍ਹ ਗਈ ਹੈ।

ਉਨ੍ਹਾਂ ਕਿਹਾ,''ਕੋਵਿਡ-19 ਮੌਤ ਦਰ- ਗੁਜਰਾਤ 6.25 ਫੀਸਦੀ, ਮਹਾਰਾਸ਼ਟਰ 3.73 ਫੀਸਦੀ, ਰਾਜਸਥਾਨ 2.32 ਫੀਸਦੀ, ਪੰਜਾਬ 2.17 ਫੀਸਦੀ, ਪੁਡੂਚੇਰੀ 1.98 ਫੀਸਦੀ, ਝਾਰਖੰਡ 0.5 ਫੀਸਦੀ, ਛੱਤੀਸਗੜ੍ਹ 0.35 ਫੀਸਦੀ। ਗੁਜਰਾਤ ਮਾਡਲ ਦੀ ਖੁੱਲ੍ਹ ਗਈ ਪੋਲ।''

ਦੱਸਣਯੋਗ ਹੈ ਕਿ ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਵਾਇਰਸ ਦੇ 10,667 ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ 10,215 ਮਰੀਜ਼ ਰੋਗ ਮੁਕਤ ਹੋਏ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮਹਿਕਮਾ ਵਲੋਂ ਮੰਗਲਵਾਰ ਜਾਰੀ ਅੰਕੜਿਆਂ ਅਨੁਸਾਰ ਨਵੇਂ ਮਾਮਲਿਆਂ ਨਾਲ ਮਰੀਜ਼ਾਂ ਦੀ ਗਿਣਤੀ ਵੱਧ ਕੇ 3,43,091 ਹੋ ਗਈ ਹੈ। ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 9900 ਹੋ ਗਈ ਹੈ। ਦੇਸ਼ 'ਚ ਇਸ ਸਮੇਂ 1,53,178 ਸਰਗਰਮ ਮਾਮਲੇ ਹਨ, ਜਦੋਂ ਕਿ ਇਸ ਮਹਾਮਾਰੀ ਤੋਂ ਨਿਜਾਤ ਪਾਉਣ ਵਾਲਿਆਂ ਦੀ ਗਿਣਤੀ 1,80,013 ਹੈ।

DIsha

This news is Content Editor DIsha