ਹੁਸ਼ਿਆਰਪੁਰ ''ਚ ਜਬਰ ਜ਼ਿਨਾਹ ਦੀ ਸ਼ਿਕਾਰ ਹੋਈ ਬੱਚੀ ਨੂੰ ਮਿਲਣ ਰਾਹੁਲ ਗਾਂਧੀ ਕਿਉਂ ਨਹੀਂ ਗਏ: ਜਾਵਡੇਕਰ

10/24/2020 2:07:36 PM

ਨਵੀਂ ਦਿੱਲੀ (ਭਾਸ਼ਾ)— ਭਾਜਪਾ ਨੇ ਪੰਜਾਬ 'ਚ ਬਿਹਾਰ ਦੇ ਇਕ ਪ੍ਰਵਾਸੀ ਪਰਿਵਾਰ ਦੀ 6 ਸਾਲ ਦੀ ਬੱਚੀ ਨਾਲ ਜਬਰ ਜ਼ਿਨਾਹ ਅਤੇ ਕਤਲ ਦੇ ਮਾਮਲੇ ਬਾਰੇ ਸ਼ਨੀਵਾਰ ਨੂੰ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਿਆ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਇਸ ਮਾਮਲੇ ਵਿਚ ਬੇਹੱਦ ਹੈਰਾਨ ਕਰਨ ਵਾਲਾ ਕਰਾਰ ਜਵਾਬ ਦਿੱਤਾ। ਉਨ੍ਹਾਂ ਨੇ ਰਾਹੁਲ ਗਾਂਧੀ ਅਤੇ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਸਵਾਲ ਕੀਤਾ ਕਿ ਉਹ ਪੀੜਤਾ ਦੇ ਪਰਿਵਾਰ ਨੂੰ ਮਿਲਣ ਅਜੇ ਤੱਕ ਕਿਉਂ ਨਹੀਂ ਗਏ। ਜਾਵਡੇਕਰ ਨੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ 'ਤੇ ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ ਸਿਆਸੀ ਦੌਰੇ 'ਤੇ ਜਾਣ ਦਾ ਦੋਸ਼ ਲਾਇਆ। ਹਾਥਰਸ ਵਿਚ ਇਕ ਦਲਿਤ ਕੁੜੀ ਦਾ ਸਮੂਹਕ ਜਬਰ ਜ਼ਿਨਾਹ ਕੀਤਾ ਗਿਆ ਸੀ ਅਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ ਸੀ। 

PunjabKesari

ਹੁਸ਼ਿਆਰਪੁਰ ਦੇ ਟਾਂਡਾ ਪਿੰਡ ਵਿੱਚ ਬਿਹਾਰ ਦੀ 6 ਸਾਲਾ ਦਲਿਤ ਲੜਕੀ ਨਾਲ ਜਬਰ ਜ਼ਿਨਾਹ ਅਤੇ ਕਤਲ ਦੀ ਘਟਨਾ ਬਹੁਤ ਹੈਰਾਨ ਕਰਨ ਵਾਲੀ ਹੈ। ਰਾਜਨੀਤਿਕ ਦੌਰਿਆਂ 'ਤੇ ਜਾਣ ਦੀ ਬਜਾਏ, ਰਾਹੁਲ ਗਾਂਧੀ ਨੂੰ ਟਾਂਡਾ (ਪੰਜਾਬ) ਅਤੇ ਰਾਜਸਥਾਨ ਦਾ ਦੌਰਾ ਕਰਨਾ ਚਾਹੀਦਾ ਹੈ। ਜਾਵਡੇਕਰ ਨੇ ਕਿਹਾ ਕਿ ਕਾਂਗਰਸ ਸ਼ਾਸਿਤ ਸੂਬਿਆਂ ਰਾਜਸਥਾਨ ਅਤੇ ਪੰਜਾਬ ਵਿਚ ਲਗਾਤਾਰ ਅਜਿਹੇ ਅਪਰਾਧ ਸਾਹਮਣੇ ਆਏ ਹਨ ਪਰ ਬੀਬੀਆਂ ਖ਼ਿਲਾਫ਼ ਹੋਏ ਅਜਿਹੇ ਅਪਰਾਧਾਂ 'ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੋਈ ਧਿਆਨ ਨਹੀਂ ਦਿੱਤਾ ਹੈ। ਜਦਕਿ ਉਨ੍ਹਾਂ ਨੂੰ ਪੀੜਤ ਪਰਿਵਾਰ ਦੇ ਘਰ ਜਾ ਕੇ ਮੁਲਾਕਾਤ ਕਰਨੀ ਚਾਹੀਦੀ ਹੈ। ਜਾਵਡੇਕਰ ਨੇ ਕਾਂਗਰਸ ਨੇਤਾਵਾਂ ਦੇ ਹਾਥਰਸ ਜਾਣ ਦਾ ਜ਼ਿਕਰ ਕਰਦੇ ਹੋਏ ਪੱਤਰਕਾਰਾਂ ਨੂੰ ਕਿਹਾ ਕਿ ਉਹ ਉੱਥੇ ਤਸਵੀਰਾਂ ਖਿਚਵਾਉਣ ਗਏ ਸਨ।

ਜਾਵਡੇਕਰ ਨੇ ਕਿਹਾ ਕਿ ਬਿਹਾਰ ਦੇ ਦਲਿਤ ਪਰਿਵਾਰ ਦੀ 6 ਸਾਲਾ ਕੁੜੀ ਦਾ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਟਾਂਡਾ 'ਚ ਜਬਰ ਜ਼ਿਨਾਹ ਮਗਰੋਂ ਉਸ ਦਾ ਕਤਲ ਕਰ ਦਿੱਤਾ ਗਿਆ। ਸਾਡੀ ਪਾਰਟੀ ਦੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ। ਕਾਂਗਰਸ ਦੇ ਕਿਸੇ ਵੀ ਨੇਤਾ ਨੇ ਮੁਲਾਕਾਤ ਨਹੀਂ ਕੀਤੀ। ਨਾ ਤਾਂ ਉੱਥੇ ਰਾਹੁਲ ਗਾਂਧੀ, ਨਾ ਹੀ ਪ੍ਰਿਅੰਕਾ ਗਾਂਧੀ ਉੱਥੇ ਗਏ ਅਤੇ ਨਾ ਹੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦਾ ਕੋਈ ਬਿਆਨ ਆਇਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਟਾਂਡਾ 'ਚ ਜਬਰ ਜ਼ਿਨਾਹ ਅਤੇ ਕਤਲ ਮਾਮਲੇ ਵਿਚ ਦੋਸ਼ੀਆਂ ਨੂੰ ਹੁਣ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ ਅਤੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ 6 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਕੀਤਾ ਗਿਆ। ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਉਸ ਨੂੰ ਸਾੜ ਦਿੱਤਾ ਗਿਆ। ਉਸ ਦੀ ਅੱਧੀ ਸੜੀ ਹੋਈ ਲਾਸ਼ ਬੁੱਧਵਾਰ ਨੂੰ ਟਾਂਡਾ ਦੇ ਪਿੰਡ ਵਿਚ ਇਕ ਘਰ 'ਚੋਂ ਮਿਲੀ।


Tanu

Content Editor

Related News