ਰਾਹੁਲ ਗਾਂਧੀ ਦੀ ਵੱਡੀ ਕਾਰਵਾਈ, ਭੰਗ ਕੀਤੀ ਕਰਨਾਟਕ ਕਾਰਜਕਾਰਣੀ

06/19/2019 3:07:46 PM

ਨਵੀਂ ਦਿੱਲੀ— ਕਰਨਾਟਕ 'ਚ ਜਾਰੀ ਸਿਆਸੀ ਸੰਗ੍ਰਾਮ ਦਰਮਿਆਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੱਡੀ ਕਾਰਵਾਈ ਕੀਤੀ ਹੈ। ਕਾਂਗਰਸ ਨੇ ਆਪਣੀ ਰਾਜ ਕਾਰਜਕਾਰਣੀ ਨੂੰ ਭੰਗ ਕਰ ਦਿੱਤਾ ਹੈ, ਹਾਲਾਂਕਿ ਪ੍ਰਦੇਸ਼ ਪ੍ਰਧਾਨ ਅਤੇ ਕਾਰਜਕਾਰੀ ਪ੍ਰਦੇਸ਼ ਪ੍ਰਧਾਨ ਬਣੇ ਰਹਿਣਗੇ। ਇਸ ਤੋਂ ਪਹਿਲਾਂ ਕਰਨਾਟਕ ਦੇ ਵਿਧਾਇਕ ਰੋਸ਼ਨ ਬੇਗ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਕਾਂਗਰਸ ਨੇਤਾ ਡੀ.ਕੇ. ਸ਼ਿਵ ਕੁਮਾਰ ਨੇ ਦੱਸਿਆ,''ਮੈਨੂੰ ਦੱਸਿਆ ਗਿਆ ਹੈ ਕਿ ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਹੈ। ਗੁੰਡੂਰਾਵ ਹਾਲੇ ਵੀ ਕੇ.ਪੀ.ਸੀ.ਸੀ. ਪ੍ਰਧਾਨ ਬਣੇ ਰਹਿਣਗੇ। ਸਾਨੂੰ ਇੰਤਜ਼ਾਰ ਕਰਨਾ ਪਵੇਗਾ ਅਤੇ ਦੇਖਣਾ ਹੋਵੇਗਾ। ਨਵੀਂ ਕਾਰਜਕਾਰਣੀ ਦਾ ਜਲਦ ਹੀ ਗਠਨ ਹੋਵੇਗਾ। ਕੋਈ ਅਹੁਦਾ ਮੰਗਿਆ ਨਹੀਂ ਜਾਂਦਾ ਹੈ। ਪਾਰਟੀ 'ਚ ਜਿਸ 'ਚ ਕਾਬਲੀਅਤ ਦਿੱਸੇਗੀ, ਉਸ ਨੂੰ ਅਹੁਦਾ ਦਿੱਤਾ ਜਾਵੇਗਾ।''

ਕਾਵੇਰੀ ਬੇਸਿਨ 'ਤੇ ਸਥਿਤੀ ਬਹੁਤ ਖਰਾਬ 
ਡੀ.ਕੇ. ਸ਼ਿਵ ਕੁਮਾਰ ਨੇ ਕਿਹਾ ਕਿ ਕਾਵੇਰੀ ਬੇਸਿਨ 'ਤੇ ਸਾਡੀ ਸਥਿਤੀ ਬਹੁਤ ਖਰਾਬ ਹੈ। ਕੋਈ ਬਾਰਸ਼ ਨਹੀਂ ਹੋ ਰਹੀ ਹੈ ਪਰ ਭਵਿੱਖ 'ਚ ਮੌਸਮ ਵਿਭਾਗ ਨੇ ਕੁਝ ਰਾਹਤ ਮਿਲਣ ਦਾ ਅਨੁਮਾਨ ਲਗਾਇਆ ਹੈ। ਲੋਕ ਸਭਾ 2019 ਦੀਆਂ ਚੋਣਾਂ 'ਚ ਕਾਂਗਰਸ ਦਾ ਪ੍ਰਦਰਸ਼ਨ ਬੇਹੱਦ ਲਚਰ ਰਿਹਾ। ਰਾਜ ਦੀਆਂ 28 ਲੋਕ ਸਭਾ ਸੀਟਾਂ 'ਚੋਂ ਭਾਜਪਾ ਨੇ 25 'ਤੇ ਜਿੱਤ ਹਾਸਲ ਕੀਤੀ। ਉੱਥੇ ਹੀ ਕਾਂਗਰਸ ਅਤੇ ਜੇ.ਡੀ.ਐੱਸ. ਨੂੰ ਇਕ-ਇਕ ਸੀਟ 'ਤੇ ਸੰਤੋਸ਼ ਕਰਨਾ ਪਿਆ। ਇਕ ਸੀਟ ਆਜ਼ਾਦ ਦੇ ਹਿੱਸੇ 'ਚ ਗਈ। ਦਰਅਸਲ ਕਰਨਾਟਕ ਕਾਂਗਰਸ 'ਚ ਵਿਰੋਧ ਦੇ ਸੁਰ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਉੱਠਣ ਲੱਗੇ ਸਨ।

ਬੇਗ ਨੂੰ ਪਾਰਟੀ ਤੋਂ ਕੀਤਾ ਗਿਆ ਮੁਅੱਤਲ
ਵਿਧਾਇਕ ਰੋਸ਼ਨ ਬੇਗ ਨੇ ਐਗਜ਼ਿਟ ਪੋਲ 'ਚ ਪਾਰਟੀ ਦੇ ਖਰਾਬ ਪ੍ਰਦਰਸ਼ਨ ਨੂੰ ਲੈ ਕੇ ਪਾਰਟੀ ਦੇ ਪ੍ਰਦੇਸ਼ ਇੰਚਾਰਜ ਕੇ.ਸੀ. ਵੇਨੂੰਗੋਪਾਲ, ਸਾਬਕਾ ਮੁੱਖ ਮੰਤਰੀ ਸਿੱਧਰਮਈਆ ਅਤੇ ਪਾਰਟੀ ਦੇ ਪ੍ਰਦੇਸ਼ ਇਕਾਈ ਦੇ ਪ੍ਰਧਾਨ ਦਿਨੇਸ਼ ਗੁੰਡੂ 'ਤੇ ਨਿਸ਼ਾਨਾ ਸਾਧਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਵਲੋਂ ਨੋਟਿਸ ਜਾਰੀ ਕੀਤਾ ਗਿਆ ਸੀ। ਇਸ 'ਚ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਪਾਰਟੀ ਵਿਰੋਧੀ ਬਿਆਨ ਦੇਣ ਲਈ ਉਨ੍ਹਾਂ 'ਤੇ ਅਨੁਸ਼ਾਸਨਾਤਮਕ ਕਾਰਵਾਈ ਕਿਉਂ ਨਾ ਕੀਤੀ ਜਾਵੇ। ਬੇਗ ਬੈਂਗਲੁਰੂ ਸੈਂਟਰਲ ਖੇਤਰ ਦੇ ਸ਼ਿਵਾਜੀਨਗਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ਉਨ੍ਹਾਂ ਨੇ ਮੰਗਲਵਾਰ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ। ਵਿਧਾਨ ਸਭਾ ਚੋਣਾਂ ਤੋਂ ਬਾਅਦ ਜੇ.ਡੀ.ਐੱਸ. ਅਤੇ ਕਾਂਗਰਸ ਗਠਜੋੜ 'ਚ ਲਗਾਤਾਰ ਟਕਰਾਅ ਦੀਆਂ ਖਬਰਾਂ ਆਉਂਦੀਆਂ ਰਹੀਆਂ, ਜਿਸ ਦਾ ਅਸਰ ਲੋਕ ਸਭਾ ਚੋਣਾਂ 'ਤੇ ਵੀ ਸਾਫ਼ ਨਜ਼ਰ ਆਇਆ।

DIsha

This news is Content Editor DIsha