''ਅਸੀਂ ਸੱਤਾ ''ਚ ਆਏ ਤਾਂ ਚੀਨੀਆਂ ਦੇ ਹੱਥਾਂ ''ਚ ਹੋਵੇਗਾ ''ਮੇਡ ਇਨ ਇੰਡੀਆ'' ਦਾ ਮੋਬਾਇਲ''

09/18/2018 2:00:26 AM

ਭੋਪਾਲ— ਵੋਟਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਕਿਸੇ ਤਰ੍ਹਾਂ ਨਾਲ ਸੁਰਖੀਆਂ 'ਚ ਬਣੀਆਂ ਰਹਿਣਾ ਚਾਹੁੰਦੀਆਂ ਹਨ ਤੇ ਚੋਣਾਂ ਦੇ ਦਿਨਾਂ 'ਚ ਆਮ ਜਨਤਾ ਨੂੰ ਕਈ ਸੁਪਨੇ ਦਿਖਾ ਕੇ ਉਨ੍ਹਾਂ ਦੀ ਵੋਟ ਹਾਸਲ ਕਰਨਾ ਚਾਹੁੰਦੀਆਂ ਹਨ। ਇੰਨੀ ਦਿਨੀਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਮ ਜਨਤਾ ਨੂੰ ਸੁਪਨੇ ਦਿਖਾਉਣ 'ਚ ਲੱਗੇ ਹੋਏ ਹਨ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਇਸ ਸਾਲ ਦੇ ਅਖੀਰ 'ਚ ਮੱਧ ਪ੍ਰਦੇਸ਼ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਜੇਕਰ ਕਾਂਗਰਸ ਸੱਤਾ 'ਚ ਆਈ ਤਾਂ ਚੀਨੀ ਲੋਕਾਂ ਦੇ ਹੱਥਾਂ 'ਚ 'ਮੇਡ ਇਨ ਇੰਡੀਆ' ਦਾ ਮੋਬਾਇਲ ਫੋਨ ਹੋਵੇਗਾ।

ਰਾਹੁਲ ਨੇ ਇਥੇ ਭੇਲ ਦੁਸ਼ਹਿਰਾ ਮੈਦਾਨ 'ਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਕਾਂਗਰਸੀ ਵਰਕਰਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਤੁਹਾਡੇ ਹੱਥ 'ਚ ਜੋ ਮੋਬਾਇਲ ਹੈ, ਉਹ 'ਮੇਡ ਇਨ ਚਾਈਨਾ' ਹੈ। ਜੇਕਰ ਮੱਧ ਪ੍ਰਦੇਸ਼ 'ਚ ਉਨ੍ਹਾਂ ਦੀ ਸਰਕਾਰ ਬਣੀ ਤਾਂ ਅਸੀਂ 'ਮੇਡ ਇਨ ਇੰਡੀਆ' ਤੇ 'ਮੇਡ ਇਨ ਮੱਧ ਪ੍ਰਦੇਸ਼' ਮੋਬਾਇਲ ਬਣਾਵਾਂਗੇ। ਉਨ੍ਹਾਂ ਨੇ ਕਿਹਾ ਕਿ ਜਦੋਂ ਚਾਈਨਾ ਦੇ ਨੌਜਵਾਨ ਦੇਖਣ ਤਾਂ ਉਨ੍ਹਾਂ ਨੂੰ 'ਮੇਡ ਇਨ ਇੰਡੀਆ', 'ਮੇਡ ਇਨ ਭੋਪਾਲ' ਹੀ ਦਿਖੇ। ਰਾਹੁਲ ਨੇ ਕਿਹਾ ਕਿ ਇਹ ਕੰਮ ਮੱਧ ਪ੍ਰਦੇਸ਼ ਕਾਂਗਰਸ ਪ੍ਰਧਾਨ ਕਮਲਨਾਥ ਤੇ ਦਿੱਗਜ ਪਾਰਟੀ ਨੇਤਾ ਜੋਤੀਰਾਦਿੱਤ ਸਿੰਧਿਆ ਹੀ ਕਰ ਸਕਦੇ ਹਨ, ਭਾਜਪਾ ਨਹੀਂ। ਅਸੀਂ ਇਹ ਕੰਮ ਕਰਕੇ ਦਿਖਾਵਾਂਗੇ।

ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਦਾ ਨੌਜਵਾਨ ਰੁਜ਼ਗਾਰ ਚਾਹੁੰਦਾ ਹੈ, ਕੰਮ ਕਰਨਾ ਚਾਹੁੰਦਾ ਹੈ। ਮੱਧ ਪ੍ਰਦੇਸ਼ ਦੇ ਨੌਜਵਾਨਾਂ 'ਚ ਸ਼ਕਤੀ ਹੈ, ਗਿਆਨ ਹੈ ਤੇ ਤਾਕਤ ਹੈ। ਪਰ ਇਹ ਬੇਰੁਜ਼ਗਾਰ ਹਨ। ਰਾਹੁਲ ਨੇ ਕਿਹਾ ਕਿ ਚੀਨੀ ਸਰਕਾਰ 24 ਘੰਟੇ 'ਚ 50,000 ਨੌਜਵਾਨਾਂ ਨੂੰ ਰੁਜ਼ਗਾਰ ਦਿੰਦੀ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ 24 ਘੰਟਿਆਂ 'ਚ ਪੂਰੇ ਦੇਸ਼ 'ਚ 450 ਨੌਜਵਾਨਾਂ ਨੂੰ ਹੀ ਰੁਜ਼ਗਾਰ ਦੇ ਰਹੀ ਹੈ। ਜਿਥੇ ਵੀ ਦੇਖੋ 'ਮੇਡ ਇਨ ਚਾਈਨਾ'।