ਦੇਸ਼ ਦੇ ਸਾਰੇ ਕਿਸਾਨਾਂ ਦੀ ਆਮਦਨ ਬਿਹਾਰ ਦੇ ਕਿਸਾਨ ਜਿੰਨੀ ਕਰਨਾ ਚਾਹੁੰਦੀ ਹੈ ਮੋਦੀ ਸਰਕਾਰ : ਰਾਹੁਲ

12/11/2020 11:54:04 AM

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਸਾਨਾਂ ਦੀ ਆਮਦਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਜ਼ੋਰਦਾਰ ਹਮਲਾ ਬੋਲਿਆ ਹੈ। ਰਾਹੁਲ ਨੇ ਟਵੀਟ ਕਰ ਕੇ ਕਿਹਾ,''ਕਿਸਾਨ ਚਾਹੁੰਦਾ ਹੈ ਕਿ ਉਸ ਦੀ ਆਮਦਨ ਪੰਜਾਬ ਦੇ ਕਿਸਾਨ ਜਿੰਨੀ ਹੋ ਜਾਵੇ। ਮੋਦੀ ਸਰਕਾਰ ਚਾਹੁੰਦੀ ਹੈ ਕਿ ਦੇਸ਼ ਦੇ ਸਾਰੇ ਕਿਸਾਨਾਂ ਦੀ ਆਮਦਨ ਬਿਹਾਰ ਦੇ ਕਿਸਾਨ ਜਿੰਨੀ ਹੋ ਜਾਵੇ। ਕਾਂਗਰਸ ਨੇਤਾ ਨੇ ਇਸ ਦੇ ਨਾਲ ਹੀ ਇਕ ਅੰਕੜਾ ਪੋਸਟ ਕੀਤਾ ਹੈ, ਜਿਸ 'ਚ ਕਿਹਾ ਗਿਆ ਹੈ ਕਿ ਦੇਸ਼ 'ਚ ਸਭ ਤੋਂ ਵੱਧ ਸਾਲਾਨਾ ਆਮਦਨ ਪੰਜਾਬ ਦੇ ਕਿਸਾਨ ਦੀ ਅਤੇ ਸਭ ਤੋਂ ਘੱਟ ਬਿਹਾਰ ਦੇ ਕਿਸਾਨ ਦੀ ਹੈ। ਪੰਜਾਬ 'ਚ ਕਿਸਾਨ ਦੀ ਔਸਤ ਸਾਲਾਨਾ ਆਮਦਨ 2 ਲੱਖ 16 ਹਜ਼ਾਰ 708 ਰੁਪਏ ਹੈ, ਜਦੋਂ ਕਿ ਬਿਹਾਰ ਦੇ ਕਿਸਾਨ ਦੀ ਸਾਲਾਨਾ ਆਮਦਨ ਦੇਸ਼ 'ਚ ਸਭ ਤੋਂ ਘੱਟ 42 ਹਜ਼ਾਰ 684 ਰੁਪਏ ਹੈ। ਹਰਿਆਣਾ ਦਾ ਕਿਸਾਨ ਇਕ ਲੱਖ 73 ਹਜ਼ਾਰ 208 ਰੁਪਏ ਦੀ ਔਸਤ ਆਮਦਨ ਦੇ ਨਾਲ ਦੂਜੇ ਅਤੇ ਇਕ ਲੱਖ 52 ਹਜ਼ਾਰ 196 ਰੁਪਏ ਦੀ ਆਮਦਨ ਨਾਲ ਜੰਮੂ-ਕਸ਼ਮੀਰ ਦਾ ਕਿਸਾਨ ਤੀਜੇ ਸਥਾਨ 'ਤੇ ਹੈ। ਕੇਲ ਦਾ ਕਿਸਾਨ ਚੌਥੇ ਅਤੇ ਕਰਨਾਟਕ ਦਾ 5ਵੇਂ ਸਥਾਨ 'ਤੇ ਹੈ। ਕਿਸਾਨ ਦੀ ਸਭ ਤੋਂ ਘੱਟ ਆਮਦਨ ਬਿਹਾਰ 'ਚ ਹੈ ਅਤੇ ਉਸ ਤੋਂ ਥੋੜ੍ਹਾ ਉੱਪਰ ਪੱਛਮੀ ਬੰਗਾਲ ਦੇ ਕਿਸਾਨ ਦੀ ਆਮਦਨ 47 ਹਜ਼ਾਰ 760 ਰੁਪਏ ਹੈ, ਜਦੋਂ ਕਿ ਝਾਰਖੰਡ ਦਾ ਕਿਸਾਨ 56 ਹਜ਼ਾਰ 602 ਰੁਪਏ ਦੀ ਆਮਦਨ ਨਾਲ ਹੇਠਲੇ ਕ੍ਰਮ ਦੇ ਤੀਜੇ ਨੰਬਰ 'ਤੇ ਹੈ।

ਇਹ ਵੀ ਪੜ੍ਹੋ : ਗਰੀਬਾਂ ਦੇ ਮੌਲਿਕ ਅਧਿਕਾਰ ਖੋਹ ਰਹੀ ਹੈ ਸਰਕਾਰ : ਰਾਹੁਲ ਗਾਂਧੀ

ਦੱਸਣਯੋਗ ਹੈ ਕਿ ਰਾਹੁਲ ਨੇ ਤਾਲਾਬੰਦੀ ਦੌਰਾਨ ਗਰੀਬਾਂ ਦੇ ਕਰਜ਼ ਲੈਣ ਦੇ ਦਾਅਵੇ ਵਾਲੀ ਖ਼ਬਰ ਦਾ ਹਵਾਲਾ ਦਿੰਦੇ ਹੋਏ ਵੀਰਵਾਰ ਨੂੰ ਵੀ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਸੀ। ਰਾਹੁਲ ਨੇ ਟਵੀਟ ਕਰ ਕੇ ਕਿਹਾ ਸੀ,''ਮੋਦੀ ਸਰਕਾਰ ਗਰੀਬਾਂ ਦੇ ਮੌਲਿਕ ਅਧਿਕਾਰ ਖੋਹ ਰਹੀ ਹੈ। ਇਹ ਮਨੁੱਖਤਾ ਦੇ ਵਿਰੁੱਧ ਅਪਰਾਧ ਹੈ। ਦੇਸ਼ ਦੇ ਬਿਹਤਰ ਭਵਿੱਖ ਲਈ ਸਾਨੂੰ ਹਰ ਵਰਗ ਦੇ ਅਧਿਕਾਰਾਂ ਦਾ ਸਨਮਾਨ ਕਰਨਾ ਹੀ ਹੋਵੇਗਾ।'' ਕਾਂਗਰਸ ਨੇਤਾ ਨੇ ਜਿਸ ਖ਼ਬਰ ਦਾ ਹਵਾਲਾ ਦਿੱਤਾ, ਉਸ 'ਚ ਇਕ ਸਰਵੇਖਣ ਦੇ ਆਧਾਰ 'ਤੇ ਦਾਅਵਾ ਕੀਤਾ ਗਿਆ ਹੈ ਕਿ ਤਾਲਾਬੰਦੀ ਦੌਰਾਨ 11 ਸੂਬਿਆਂ 'ਚ ਕੀਰਬ 45 ਫੀਸਦੀ ਲੋਕਾਂ ਨੂੰ ਭੋਜਨ ਲਈ ਕਰਜ਼ ਲੈਣਾ ਪਿਆ।

ਇਹ ਵੀ ਪੜ੍ਹੋ : ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੀ ਸੋਚਦੀ ਹੈ ਕੇਂਦਰ ਸਰਕਾਰ, PM ਮੋਦੀ ਨੇ ਸ਼ੇਅਰ ਕੀਤਾ ਵੀਡੀਓ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha