ਸੀ. ਐੱਮ. ਸ਼ਿਵਰਾਜ ਦੇ ਬੇਟੇ ''ਤੇ ਵੱਡਾ ਦੋਸ਼ ਲਾ ਕੇ ਪਲਟੇ ਰਾਹੁਲ ਗਾਂਧੀ, ਬੋਲੇ- ਮੈਂ ਕਨਫਿਊਜ਼ ਹੋ ਗਿਆ ਸੀ

10/30/2018 11:50:30 AM

ਇੰਦੌਰ (ਵਾਰਤਾ)— ਮੱਧ ਪ੍ਰਦੇਸ਼ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪਨਾਮਾ ਪੇਪਰਜ਼ ਮਾਮਲੇ ਵਿਚ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਉਨ੍ਹਾਂ ਦੇ ਬੇਟੇ 'ਤੇ ਦੋਸ਼ ਲਾ ਕੇ ਪਲਟ ਗਏ। ਰਾਹੁਲ ਨੇ ਆਪਣੀ ਗਲਤੀ ਮੰਨਦੇ ਹੋਏ ਕਿਹਾ ਕਿ ਪਨਾਮਾ ਪੇਪਰਜ਼ ਕੇਸ ਵਿਚ ਗਲਤੀ ਨਾਲ ਸ਼ਿਵਰਾਜ ਸਿੰਘ ਅਤੇ ਉਨ੍ਹਾਂ ਦੇ ਬੇਟੇ ਦਾ ਨਾਂ ਲੈ ਲਿਆ ਸੀ। ਰਾਹੁਲ ਨੇ ਕਿਹਾ ਕਿ ਭਾਜਪਾ 'ਚ ਇੰਨਾ ਭ੍ਰਿਸ਼ਟਾਚਾਰ ਹੈ ਕਿ ਕੱਲ ਮੈਂ ਕਨਫਿਊਜ਼ ਹੋ ਗਿਆ ਸੀ। ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਪਨਾਮਾ ਨਹੀਂ ਕੀਤਾ, ਉਨ੍ਹਾਂ ਨੇ ਈ-ਟੈਂਡਰਿੰਗ ਅਤੇ ਵਿਆਪਮ ਘਪਲਾ ਕੀਤਾ ਹੈ। 



ਇੱਥੇ ਦੱਸ ਦੇਈਏ ਕਿ ਰਾਹੁਲ ਨੇ ਸੋਮਵਾਰ ਨੂੰ ਮੱਧ ਪ੍ਰਦੇਸ਼ ਵਿਚ ਇਕ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਸੀ. ਐੱਮ. ਸ਼ਿਵਰਾਜ ਸਿੰਘ ਚੌਹਾਨ ਅਤੇ ਉਨ੍ਹਾਂ ਦੇ ਬੇਟੇ ਦਾ ਨਾਂ ਪਨਾਮਾ ਪੇਪਰਜ਼ ਕੇਸ ਵਿਚ ਘਸੀਟਿਆ ਸੀ। ਇੰਦੌਰ ਵਿਚ ਰੋਡ ਸ਼ੋਅ ਦੌਰਾਨ ਰਾਹੁਲ ਨੇ ਪਿਤਾ-ਪੁੱਤਰ ਦੀ ਜੋੜੀ 'ਤੇ ਨਿਸ਼ਾਨਾ ਸਾਧਿਆ ਸੀ। ਸ਼ਿਵਰਾਜ ਸਿੰਘ ਚੌਹਾਨ ਦੇ ਬੇਟੇ ਦਾ ਨਾਂ ਪਨਾਮਾ ਪੇਪਰਜ਼ ਵਿਚ ਸਾਹਮਣੇ ਆਇਆ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਰਗੇ ਦੇਸ਼ ਨੇ ਵੀ ਪਨਾਮਾ ਪੇਪਰਜ਼ ਵਿਚ ਆਪਣੇ ਸਾਬਕਾ ਪੀ. ਐੱਮ. ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਸਜ਼ਾ ਦਿੱਤੀ।


ਇਸ 'ਤੇ ਪਲਟਵਾਰ ਕਰਦੇ ਹੋਏ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਕਾਂਗਰਸ ਮੇਰੇ ਅਤੇ ਮੇਰੇ ਪਰਿਵਾਰ ਉੱਪਰ ਬੇਤੁਕੇ ਦੋਸ਼ ਲਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰਿਆਂ ਦਾ ਸਨਮਾਨ ਕਰਦੇ ਹੋਏ ਮਰਿਆਦਾ ਰੱਖਦੇ ਹਾਂ ਪਰ ਹੁਣ ਤਾਂ  ਰਾਹੁਲ ਗਾਂਧੀ ਨੇ ਪਨਾਮਾ ਪੇਪਰਜ਼ ਵਿਚ ਮੇਰੇ ਬੇਟੇ ਕਾਰਤੀਕੇਯ ਦਾ ਨਾਂ ਲੈ ਕੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਅਸੀਂ ਉਨ੍ਹਾਂ 'ਤੇ ਮਾਣਹਾਨੀ ਦਾ ਦਾਅਵਾ ਕਰ ਰਹੇ ਹਾਂ।