ਰਾਹੁਲ ਗਾਂਧੀ ਨੇ ਵਾਇਨਾਡ ''ਚ ਰੋਡ ਸ਼ੋਅ ਦੌਰਾਨ ਕੀਤਾ ਲੋਕਾਂ ਦਾ ਧੰਨਵਾਦ

06/08/2019 6:17:17 PM

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਾਇਨਾਡ ਦੌਰੇ 'ਤੇ ਹਨ, ਜਿਥੇ ਲੋਕਸਭਾ ਚੋਣਾਂ ਜਿੱਤਣ ਤੋਂ ਬਾਅਦ ਉਹ ਲੋਕਾਂ ਦਾ ਧੰਨਵਾਦ ਕਰਨ ਪਹੁੰਚੇ। ਸ਼ਨੀਵਾਰ ਉਨ੍ਹਾਂ ਨੇ ਸੁਲਤਾਨ ਬਾਥਰੀ 'ਚ ਰੋਡ ਸ਼ੋਅ ਦਾ ਆਯੋਜਨ ਕੀਤਾ ਤੇ ਲੋਕਾਂ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝੂਠ ਬੋਲ ਕੇ ਲੋਕਸਭਾ ਚੋਣਾਂ ਜਿੱਤੀਆਂ। ਰਾਹੁਲ ਨੇ ਆਪਣੇ ਸੰਸਦੀ ਖੇਤਰ ਵਾਇਨਾਡ 'ਚ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਮੋਦੀ ਨੇ ਝੂਠ ਬੋਲ ਕੇ ਨਫਰਤ ਫੈਲਾ ਕੇ ਚੋਣਾਂ ਜਿੱਤੀਆਂ ਪਰ ਅਸੀਂ ਉਨ੍ਹਾਂ ਨੂੰ ਇਸ ਦਾ ਜਵਾਬ ਸੱਚਾਈ, ਪ੍ਰੇਮ ਤੇ ਸਨੇਹ ਨਾਲ ਦੇਵਾਂਗੇ। ਉਨ੍ਹਾਂ ਨੇ ਕਲੇਕਟਰੇਟ ਦਫਤਰ ਸਥਿਤ ਵਾਇਨਾਡ ਲੋਕ ਸਭਾ ਮੈਂਬਰ ਦੇ ਦਫਤਰ ਦੇ ਦੌਰੇ ਨਾਲ ਆਪਣੇ ਚੋਣ ਖੇਤਰ ਦੇ ਦੌਰੇ ਦੀ ਸ਼ੁਰੂਆਤ ਕੀਤੀ। ਜਿਥੇ ਉਨ੍ਹਾਂ ਨੇ ਕਈ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਵਾਇਨਾਡ 'ਚ ਸਾਰੇ ਲੋਕਾਂ ਲਈ ਮੇਰੇ ਦਰਵਾਜੇ ਖੁੱਲੇ ਹਨ ਅਤੇ ਇਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹਲ ਕਰਨਾ ਮੇਰੀ ਜ਼ਿੰਮੇਵਾਰੀ ਹੈ। ਰਾਹੁਲ ਨੂੰ ਕਲਪੇਟਾ 'ਚ ਉਨ੍ਹਾਂ ਦੇ ਰੋਡ ਸ਼ੋਅ ਦੇਖਣ ਆਏ ਲੋਕਾਂ ਦੇ ਨਾਲ ਗੱਲਬਾਤ ਕਰਦੇ ਦੇਖਿਆ ਗਿਆ, ਜਿਥੇ ਉਨ੍ਹਾਂ ਨਾਲ ਪ੍ਰਦੇਸ਼ ਪਾਰਟੀ ਪ੍ਰਧਾਨ ਮੁੱਲਾਪੱਲੀ ਰਾਮਚੰਦਨ, ਵਿਰੋਧੀ ਨੇਤਾ ਰਮੇਸ਼ ਚੇਨਿੰਥਲਾ ਤੇ ਏ. ਆਈ. ਸੀ. ਸੀ. ਦੇ ਮੁੱਖ ਸਕੱਤਰ (ਸੰਗਠਨ) ਕੇ. ਸੀ. ਵੇਣੁਗੋਪਾਲ ਮੌਜੂਦ ਸਨ।