ਰੇਡਿਓ-TV ਨਹੀਂ ਸਮਾਰਟਫੋਨ ਜ਼ਰੀਏ ਅਪਡੇਟ ਲੈ ਰਹੇ ਲੋਕ, ਚਾਹ ਦੇ ਨਾਲ ਰੁਝਾਨਾਂ ਦਾ ਲੈ ਰਹੇ ਸੁਆਦ

05/23/2019 1:07:17 PM

ਜੈਪੁਰ — ਲੋਕ ਸਭਾ ਚੋਣਾਂ ਦੇ ਨਤੀਜੇ ਨੂੰ ਲੈ ਕੇ ਲੋਕਾਂ ਵਿਚ ਜ਼ਬਰਦਸਤ ਉਤਸ਼ਾਹ ਦੇਖਿਆ ਜਾ ਰਿਹਾ ਹੈ। ਹਾਲਾਂਕਿ ਪਹਿਲੀ ਵਾਰ ਰਵਾਇਤੀ ਰੇਡਿਓ ਅਤੇ ਟੀ.ਵੀ. ਦੀ ਥਾਂ ਸਮਾਰਟਫੋਨ ਤੋਂ ਜ਼ਿਆਦਾ ਅਪਡੇਟ ਲਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਵਾਟਸਐਪ ਜਾਂ ਫੇਸਬੁੱਕ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੀ ਸਵੇਰ ਤੋਂ ਹੀ ਚਰਚਾ ਸ਼ੁਰੂ ਹੋ ਗਈ ਹੈ। 
ਸੂਬੇ ਦੀਆਂ 25 ਲੋਕ ਸਭਾ ਸੀਟਾਂ ਲਈ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਚਾਹ ਦੀ ਸਟਾਲ ਹੋਵੇ ਜਾਂ 4 ਲੋਕਾਂ ਦਾ ਇਕੱਠ ਚੋਣ ਨਤੀਜਿਆਂ ਨੂੰ ਲੈ ਕੇ ਹੀ ਚਰਚਾ ਕਰਦੇ ਦਿਖਾਈ ਦੇ ਰਹੇ ਹਨ। ਹਾਲਾਂਕਿ ਇਸ ਵਾਰ ਉਨ੍ਹਾਂ ਕੋਲ ਨਤੀਜਿਆਂ ਦੀ ਖਬਰ ਲੈਣ ਲਈ ਨਾ ਤਾਂ ਰੇਡਿਓ ਅਤੇ ਨਾ ਹੀ ਟੈਲੀਵਿਜ਼ਨ ਦਿਖਾਈ ਦੇ ਰਿਹਾ ਹੈ ਸਗੋਂ ਸਮਾਰਟ ਫੋਨ ਹੀ ਨਜ਼ਰ ਆ ਰਹੇ ਹਨ। 

ਜਿਥੇ ਵੀ ਚਾਰ ਲੋਕ ਦਿਖਾਈ ਦੇ ਰਹੇ ਹਨ ਉਨ੍ਹਾਂ ਵਿਚੋਂ ਇਕ ਨਾ ਇਕ ਜ਼ਰੂਰ ਸਮਾਰਟ ਫੋਨ 'ਤੇ ਲਾਈਵ ਚੈਨਲਾਂ ਜ਼ਰੀਏ ਨਤੀਜਿਆਂ ਦੀ ਜਾਣਕਾਰੀ ਲੈ ਰਿਹਾ ਹੈ। ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ 'ਚ ਜਿਹੜਾ ਉਤਸ਼ਾਹ ਐਗਜ਼ਿਟ ਪੋਲ ਆਉਣ ਦੇ ਬਾਅਦ ਦਿਖ ਰਿਹਾ ਸੀ ਉਹ ਸ਼ੁਰੂਆਤੀ ਰੁਝਾਨ ਆਉਣ ਤੋਂ ਬਾਅਦ ਮਜ਼ਬੂਤ ਹੋ ਗਿਆ ਹੈ। ਭਾਜਪਾ ਉਮੀਦਵਾਰ ਭਾਰੀ ਸੰਖਿਆ 'ਚ ਆਪਣੀ ਪਾਰਟੀ ਦੇ ਦਫਤਰਾਂ ਵਿਚ ਪਹੁੰਚ ਰਹੇ ਹਨ। ਕੁਝ ਕਾਰਜਕਰਤਾ ਤਾਂ ਮਠਿਆਈ ਮੰਗਵਾ ਕੇ ਜਸ਼ਨ ਮਨਾਉਣ ਦੀ ਤਿਆਰੀ ਵੀ ਕਰ ਰਹੇ ਹਨ। ਦੂਜੇ ਪਾਸੇ ਕਾਂਗਰਸ ਦੇ ਮੁੱਖ ਦਫਤਰਾਂ ਵਿਚ ਸ਼ਾਂਤੀ ਨਜ਼ਰ ਆ ਰਹੀ ਹੈ। ਕੋਈ ਵੱਡਾ ਨੇਤਾ ਦਫਤਰ ਵਿਚ ਦਿਖਾਈ ਨਹੀਂ ਦੇ ਰਿਹਾ ਹੈ। ਆਮ ਤੌਰ 'ਤੇ ਸੁਬਿਆਂ ਵਿਚ ਉਸ ਪਾਰਟੀ ਦੀ ਜਿੱਤ ਹੁੰਦੀ ਹੈ ਜਿਸਦੀ ਸੂਬੇ ਵਿਚ ਸਰਕਾਰ ਹੋਵੇ। ਪਰ ਇਸ ਵਾਰ ਸ਼ੁਰੂਆਤੀ ਰੁਝਾਨ ਹੀ ਆਮ ਧਾਰਣਾ ਦੇ ਉਲਟ ਦਿਖਾਈ ਦਿੱਤੇ।