ਕੋਰੋਨਾ ਪਾਜ਼ੀਟਿਵ ਦੇ ਸੰਪਰਕ ''ਚ ਆਏ ਡਾਕਟਰ, 108 ਸਿਹਤ ਕਰਮਚਾਰੀ ਕੁਆਰੰਟੀਨ

04/04/2020 1:43:01 PM

ਨਵੀਂ ਦਿੱਲੀ-ਰਾਜਧਾਨੀ ਦਿੱਲੀ 'ਚ ਖਤਰਨਾਕ ਕੋਰੋਨਾਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ। ਨਿਜ਼ਾਮੂਦੀਨ ਮਰਕਜ਼ 'ਚ ਤਬਲੀਗੀ ਜਮਾਤ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇੱਥੇ ਇਨਫੈਕਟਡ ਮਾਮਲਿਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਇਸ ਦੌਰਾਨ ਹੁਣ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਦੇ ਕੁਝ ਡਾਕਟਰ ਅਤੇ ਨਰਸਾਂ ਸਮੇਤ ਸਟਾਫ ਦੇ 108 ਮੈਂਬਰਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ। ਇਹ ਸਾਰੇ ਉਨ੍ਹਾਂ 2 ਮਰੀਜ਼ਾਂ ਦੇ ਸੰਪਰਕ 'ਚ ਆਏ ਸੀ, ਜਿਨ੍ਹਾਂ ਦੀ ਹਾਲ ਹੀ ਦੌਰਾਨ ਹੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। 

PunjabKesari

ਜਾਣਕਾਰੀ ਮੁਤਾਬਕ ਗੰਗਾਰਾਮ 'ਚ ਦੋ ਮਰੀਜ਼ ਕਿਸੇ ਹੋਰ ਬੀਮਾਰੀ ਦੇ ਇਲਾਜ ਲਈ ਆਏ ਸੀ, ਤਾਂ ਉਨ੍ਹਾਂ 'ਚ ਕੋਰੋਨਾ ਦੇ ਲੱਛਣ ਨਹੀਂ ਦਿਸ ਰਹੇ ਸੀ। ਦੂਜੀ ਜਾਂਚ ਰਿਪੋਰਟ ਦੇ ਨਤੀਜੇ 'ਚ ਇਹ ਕੋਰੋਨਾ ਪਾਜ਼ੀਟਿਵ ਪਾਏ ਗਏ, ਜਿਸ ਤੋਂ ਬਾਅਦ ਹਸਪਤਾਲ ਨੇ ਮੈਡੀਕਲ ਸਟਾਫ ਨੂੰ ਕੁਆਰੰਟੀਨ 'ਚ ਜਾਣ ਨੂੰ ਕਿਹਾ ਹੈ। 108 'ਚੋਂ 85 ਸਟਾਫ ਮੈਂਬਰਾਂ ਨੂੰ ਜਿੱਥੇ ਹੋਮ ਕੁਆਰੰਟੀਨ ਕੀਤਾ ਗਿਆ ਹੈ, ਉੱਥੇ ਹੀ 23 ਨੂੰ ਹੋਰ ਹਸਪਤਾਲ 'ਚ ਵੱਖਰਾ ਰਹਿਣ ਨੂੰ ਕਿਹਾ ਗਿਆ ਹੈ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਦੱਸਿਆ ਹੈ ਕਿ ਦਿੱਲੀ 'ਚ ਕੋਰੋਨਾਵਾਇਰਸ ਦੇ 386 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 259 ਮਰਕਜ਼ ਦੇ ਹਨ।

ਦੱਸਣਯੋਗ ਹੈ ਕਿ ਪੂਰੀ ਦੁਨੀਆ 'ਚ ਤਹਿਲਕਾ ਮਚਾਉਣ ਵਾਲੇ ਖਤਰਨਾਕ ਕੋਰੋਨਾਵਾਇਰਸ ਦਾ ਹੁਣ ਭਾਰਤ 'ਚ ਵੀ ਕਹਿਰ ਜਾਰੀ ਹੈ। ਤਾਜ਼ਾ ਮਿਲੇ ਅੰਕੜਿਆ ਮੁਤਾਬਕ ਹੁਣ ਤੱਕ ਭਾਰਤ 'ਚ ਇਨਫੈਕਟਡ ਮਾਮਲਿਆਂ ਦੀ ਗਿਣਤੀ 3,000 ਤੋਂ ਪਾਰ ਹੋ ਚੁੱਕੀ ਹੈ ਜਦਕਿ 68 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 192 ਲੋਕ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਹਨ। 


Iqbalkaur

Content Editor

Related News