ਪੰਜਾਬ ਤੋਂ ਦਿੱਲੀ ਚੋਣ ਪ੍ਰਚਾਰ ਕਰਨ ਆਏ ਕਾਂਗਰਸੀ ਵਿਧਾਇਕ ਦੀ ਕਾਰ ਹੋਈ ਚੋਰੀ

02/04/2020 4:13:19 PM

ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਚੋਣਾਂ 8 ਫਰਵਰੀ ਨੂੰ ਹੋਣੀਆਂ ਹਨ। ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰੀਟਆਂ ਨੇ ਕਮਰ ਕੱਸ ਲਈ ਹੈ ਅਤੇ ਚੋਣ ਪ੍ਰਚਾਰ 'ਚ ਜੁੱਟੀਆਂ ਹੋਈਆਂ ਹਨ। ਦੇਸ਼ ਭਰ ਤੋਂ ਵੱਡੇ-ਵੱਡੇ ਨੇਤਾ ਆਪਣੇ-ਆਪਣੇ ਨੇਤਾਵਾਂ ਦੀ ਕਿਸ਼ਤੀ ਪਾਰ ਲਾਉਣ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ। ਪਾਰਟੀ ਲਈ ਚੋਣ ਪ੍ਰਚਾਰ ਲਈ ਪੰਜਾਬ ਤੋਂ ਕਾਂਗਰਸ ਵਿਧਾਇਕ ਧਰਮਵੀਰ ਅਗਨੀਹੋਤਰੀ ਵੀ ਦਿੱਲੀ ਆਏ ਹੋਏ ਸਨ। ਉਹ ਚੋਣ ਪ੍ਰਚਾਰ ਕਰਨ ਤਾਂ ਦਿੱਲੀ ਆਏ ਪਰ ਉਨ੍ਹਾਂ ਦੀ ਇੱਥੇ ਕਾਰ ਚੋਰੀ ਹੋ ਗਈ। ਕਾਰ ਡਰਾਈਵਰ ਲੈ ਕੇ ਗਿਆ ਸੀ, ਜਿਸ ਨੇ ਵਿਧਾਇਕ ਨੂੰ ਦੱਸਿਆ ਕਿ ਗੱਡੀ ਮਿਲ ਨਹੀਂ ਰਹੀ ਹੈ ਅਤੇ ਉਹ ਹੋਟਲ ਦੇ ਬਾਹਰੋਂ ਗਾਇਬ ਹੋ ਗਈ ਹੈ। 

ਇਸ ਮਾਮਲੇ ਦੀ ਸੂਚਨਾ ਰਾਜਿੰਦਰ ਨਗਰ ਪੁਲਸ 'ਚ ਕੀਤੀ ਗਈ ਹੈ। ਪੁਲਸ ਨੇ ਐੱਫ. ਆਈ. ਆਰ. ਦਰਜ ਕਰ ਲਈ ਹੈ ਅਤੇ ਕਾਰ ਦੀ ਭਾਲ 'ਚ ਜੁੱਟੀ ਹੋਈ ਹੈ। ਪੁਲਸ ਸੂਤਰਾਂ ਮੁਤਾਬਕ ਕਾਂਗਰਸ ਦੇ ਤਰਨਤਾਰਨ ਤੋਂ ਵਿਧਾਇਕ ਧਰਮਵੀਰ ਵਿਧਾਨ ਸਭਾ ਚੋਣਾਂ ਦੇ ਸੰਬੰਧ 'ਚ ਪ੍ਰਚਾਰ ਲਈ ਦਿੱਲੀ ਆਏ ਸਨ। ਡਰਾਈਵਰ ਕਾਰ ਲੈ ਕੇ ਦਿੱਲੀ ਆਇਆ ਸੀ ਅਤੇ ਐਤਵਾਰ ਰਾਤ ਨੂੰ ਧਰਮਵੀਰ ਨੂੰ ਪੰਜਾਬ ਭਵਨ 'ਚ ਛੱਡਿਆ ਸੀ। ਉਨ੍ਹਾਂ ਨੂੰ ਪੰਜਾਬ ਭਵਨ 'ਚ ਹੀ ਠਹਿਰਣਾ ਸੀ, ਜਦਕਿ ਉਨ੍ਹਾਂ ਦੇ ਡਰਾਈਵਰ ਦੇ ਠਹਿਰਣ ਲਈ ਰਾਜਿੰਦਰ ਨਗਰ ਦੇ ਇਕ ਹੋਟਲ 'ਚ ਵਿਵਸਥਾ ਕੀਤੀ ਗਈ ਸੀ। ਰਾਤ ਦੇ ਸਮੇਂ ਹੋਟਲ ਦੇ ਬਾਹਰ ਖੜ੍ਹੀ ਕਾਰ ਸਵੇਰੇ ਦੇਖਿਆ ਤਾਂ ਗਾਇਬ ਸੀ। ਡਰਾਈਵਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਚੋਰਾਂ ਦੀ ਭਾਲ ਕਰ ਰਹੀ ਹੈ। ਪੁਲਸ ਹੋਟਲ ਦੇ ਆਲੇ-ਦੁਆਲੇ ਦੇ ਸੀ. ਸੀ. ਟੀ. ਵੀ. ਫੁਟੇਜ਼ ਖੰਗਾਲ ਰਹੀ ਹੈ, ਜਿੱਥੋਂ ਕਾਰ ਚੋਰੀ ਹੋਈ ਸੀ। ਇੱਥੇ ਦੱਸ ਦੇਈਏ ਕਿ ਚੋਣਾਂ ਦੇ ਚੱਲਦੇ ਸਾਰੀਆਂ ਪਾਰਟੀਆਂ ਨੇ ਦੇਸ਼ ਭਰ ਦੇ ਨੇਤਾਵਾਂ ਨੂੰ ਚੋਣ ਪ੍ਰਚਾਰ ਲਈ ਬੁਲਾਇਆ ਹੋਇਆ ਹੈ।

Tanu

This news is Content Editor Tanu