ਪੁਣੇ ''ਚ ਬਾਰਸ਼ ਦਾ ਕਹਿਰ, 7 ਲੋਕਾਂ ਦੀ ਮੌਤ, ਸਕੂਲ-ਕਾਲਜ ਰਹਿਣਗੇ ਬੰਦ

09/26/2019 10:03:01 AM

ਮੁੰਬਈ— ਮਾਨਸੂਨ ਖਤਮ ਹੋਣ 'ਤੇ ਪਰ ਮਹਾਰਾਸ਼ਟਰ 'ਚ ਬਾਰਸ਼ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪੁਣੇ 'ਚ ਬੀਤੀ ਰਾਤ ਤੇਜ਼ ਬਾਰਸ਼ ਹੋਈ। ਜਿਸ ਕਾਰਨ ਸੜਕਾਂ ਤੋਂ ਲੈ ਕੇ ਘਰਾਂ ਤੱਕ ਬਾਰਸ਼ ਦੇ ਪਾਣੀ ਦਾ ਕਬਜ਼ਾ ਹੋ ਗਿਆ। ਉੱਥੇ ਹੀ ਸਹਿਕਾਰ ਨਗਰ ਇਲਾਕੇ 'ਚ ਕੰਧ ਡਿੱਗਣ ਨਾਲ 5 ਲੋਕਾਂ ਦੀ ਮੌਤ ਹੋ ਗਈ। ਪੁਣੇ ਜ਼ਿਲਾ ਕਲੈਕਟਰ ਨਵਲ ਕਿਸ਼ੋਰ ਰਾਮ ਨੇ ਸਾਰੇ ਸਕੂਲਾਂ ਅਤੇ ਕਾਲਜਾਂ 'ਚ ਅੱਜ ਯਾਨੀ ਵੀਰਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਪੁਣੇ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਅਤੇ ਬਚਾਅ ਕੰਮਾਂ ਲਈ ਐੱਨ.ਡੀ.ਆਰ.ਐੱਫ. ਦੀਆਂ ਤਿੰਨ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਪੁਣੇ 'ਚ ਹੜ੍ਹ ਤੋਂ ਹੁਣ ਤੱਕ 7 ਲੋਕਾਂ ਦੀ ਮੌਤ ਹੋ ਗਈ ਹੈ, ਉੱਥੇ ਹੀ ਪੁਣੇ ਜ਼ਿਲਾ ਕਲੈਕਟਰ ਨੇ ਸ਼ਹਿਰ ਦੇ ਪੁਰਨਾਰ, ਬਾਰਾਮਤੀ, ਭੋਰ ਅਤੇ ਹਵੇਲੀ ਤਹਿਸੀਲ ਦੇ ਸਾਰੇ ਸਕੂਲਾਂ ਅਤੇ ਕਾਲਜਾਂ ਨੂੰ ਵੀਰਵਾਰ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਹੈ।

ਜ਼ਿਕਰਯੋਗ ਹੈ ਕਿ ਕੁਝ ਸਮੇਂ ਪਹਿਲਾਂ ਮਹਾਰਾਸ਼ਟਰ 'ਚ ਜੰਮ ਕੇ ਤਬਾਹੀ ਮਚਾਉਣ ਤੋਂ ਬਾਅਦ ਬਾਰਸ਼ ਨੇ ਇਕ ਵਾਰ ਫਿਰ ਇਸ ਰਾਜ 'ਤੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਭਾਰੀ ਬਾਰਸ਼ ਨੂੰ ਦੇਖਦੇ ਹੋਏ ਜ਼ਿਲਾ ਪ੍ਰਸ਼ਾਸਨ ਨੇ ਚੌਕਸੀ ਵਜੋਂ ਸਕੂਲਾਂ ਨੂੰ ਬੰਦ ਕਰ ਦਿੱਤਾ ਹੈ। ਪੁਣੇ 'ਚ ਭਾਰੀ ਬਾਰਸ਼ ਤੋਂ ਬਾਅਦ ਸੈਲਾਬ ਵਰਗੇ ਹਾਲਾਤ ਹੋ ਗਏ ਹਨ। ਲੋਕਾਂ ਨੂੰ ਬਾਹਰ ਨਿਕਲਣ ਅਤੇ ਆਉਣ-ਜਾਣ 'ਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਪਾਣੀ ਦਾ ਪੱਧਰ ਵਧਣ ਕਾਰਨ ਮਛੇਰਿਆਂ ਨੂੰ ਸਮੁੰਦਰ 'ਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪੁਣੇ 'ਚ ਮਾਨਸੂਨ ਕਾਫੀ ਸਰਗਰਮ ਹੈ, ਜਿਸ ਕਾਰਨ ਪਿਛਲੇ ਦਿਨੀਂ ਉੱਥੇ ਲਗਾਤਾਰ ਭਾਰੀ ਬਾਰਸ਼ ਹੋ ਰਹੀ ਹੈ। ਭਾਰੀ ਬਾਰਸ਼ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੈ।


DIsha

Content Editor

Related News