11 ਸਾਲ ਦੇ ਵਿਦਿਆਰਥੀ ਨੂੰ ਅਧਿਆਪਕ ਨੇ ਬੇਰਹਿਮੀ ਨਾਲ ਕੁੱਟਿਆ, ਕੋਮਾ 'ਚ ਗਿਆ

02/22/2020 11:00:57 AM

ਪੁਣੇ— ਸਕੂਲਾਂ 'ਚ ਵਿਦਿਆਰਥੀਆਂ 'ਤੇ ਹੁੰਦੇ ਤਸ਼ੱਦਦ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਪੜ੍ਹਾਈ ਨਾ ਕਰਨ 'ਤੇ ਅਧਿਆਪਕ ਵਲੋਂ ਵਿਦਿਆਰਥੀਆਂ ਦੀ ਬੇਰਹਿਮੀ ਨਾਲ ਕੁੱਟਮਾਰ ਦੀ ਖ਼ਬਰਾਂ ਅਕਸਰ ਸੁਣਨ ਨੂੰ ਮਿਲਦੀਆਂ ਹਨ। ਤਾਜ਼ਾ ਮਾਮਲਾ ਮਹਾਰਾਸ਼ਟਰ ਦੇ ਪੁਣੇ ਸ਼ਹਿਰ ਦਾ ਹੈ, ਜਿੱਥੇ ਇਕ ਅਧਿਆਪਕ ਨੇ 11 ਸਾਲ ਦੇ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਹ ਕੋਮਾ 'ਚ ਚੱਲਾ ਗਿਆ। ਦਰਅਸਲ ਇਕ ਅਧਿਆਤਮਿਕ ਸੰਸਥਾ 'ਚ ਪੜ੍ਹਨ ਵਾਲੇ 11 ਸਾਲ ਦੇ ਵਿਦਿਆਰਥੀ ਨੂੰ ਅਧਿਆਪਕ ਵਲੋਂ ਇਸ ਲਈ ਬੇਰਹਿਮੀ ਨਾਲ ਕੁੱਟਿਆ ਗਿਆ, ਕਿਉਂਕਿ ਉਹ 'ਹਰੀਪਾਠ' ਠੀਕ ਢੰਗ ਨਾਲ ਨਹੀਂ ਪੜ੍ਹ ਸਕਿਆ ਸੀ।

ਇਹ ਵੀ ਦੱਸਿਆ ਗਿਆ ਕਿ ਪੀੜਤ ਹਰੀਪਾਠ ਦਾ 'ਸ਼ਲੋਕ' ਨਹੀਂ ਸੁਣਾ ਸਕਿਆ ਸੀ, ਜਿਸ ਤੋਂ ਬਾਅਦ ਅਧਿਆਪਕ ਨੇ ਉਸ ਨੂੰ ਡੰਡੇ ਨਾਲ ਕੁੱਟਿਆ। ਓਧਰ ਪੀੜਤ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਪੁਲਸ ਨੇ ਦੋਸ਼ੀ ਅਧਿਆਪਕ ਵਿਰੁੱਧ ਆਈ. ਪੀ. ਸੀ. ਦੀ ਧਾਰਾ-307 (ਹੱਤਿਆ ਦੀ ਕੋਸ਼ਿਸ਼) ਤਹਿਤ ਮਾਮਲਾ ਦਰਜ ਕੀਤਾ ਹੈ। ਅਧਿਆਪਕ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। 

ਮਿਲੀ ਜਾਣਕਾਰੀ ਮੁਤਾਬਕ ਪੁਣੇ ਦੇ ਆਲੰਦੀ ਇਲਾਕੇ ਸਥਿਤ ਇਕ ਅਧਿਆਤਿਮਕ ਸੰਸਥਾ ਹੈ। ਦੋਸ਼ੀ ਅਧਿਆਪਕ ਦਾ ਨਾਂ ਭਗਵਾਨ ਮਹਾਰਾਜ ਪੋਹਾਨੇ ਹੈ। ਉਸ ਨੇ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਉਸ ਨੇ ਵਿਦਿਆਰਥੀ ਦੇ ਹੱਥ-ਪੈਰ ਅਤੇ ਛਾਤੀ 'ਤੇ ਡੰਡੇ ਨਾਲ ਕੁੱਟਿਆ। ਉਹ ਮਾਸੂਮ ਨੂੰ ਉਦੋਂ ਤਕ ਕੁੱਟਦਾ ਰਿਹਾ, ਜਦੋਂ ਤਕ ਉਹ ਬੇਸੁੱਧ ਨਹੀਂ ਹੋ ਗਿਆ। ਗੰਭੀਰ ਰੂਪ ਨਾਲ ਜ਼ਖਮੀ ਵਿਦਿਆਰਥੀ ਦਾ ਜ਼ਿਲਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਵਿਦਿਆਰਥੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਹੋਰ ਵਿਦਿਆਰਥੀਆਂ ਦੇ ਮਾਪੇ ਵੀ ਪਰੇਸ਼ਾਨੀ ਵਿਚ ਹਨ।

Tanu

This news is Content Editor Tanu