ਅਰੁਣਾਚਲ ਪ੍ਰਦੇਸ਼ ਦੇ ਇਕ ਪਿੰਡ ’ਚ ਅਫ਼ੀਮ ਦੀ ਥਾਂ ਹੁੰਦੀ ਹੈ ਕੱਦੂ ਦੀ ਖੇਤੀ, ਕਿਸਾਨ ਖ਼ੁਸ਼

10/24/2022 4:06:21 PM

ਤੇਜੂ- ਅਰੁਣਾਚਲ ਪ੍ਰਦੇਸ਼ ਦੇ ਲੋਹਿਤ ਜ਼ਿਲ੍ਹੇ ਦੇ ਇਕ ਪਿੰਡ ਵਿਚ ਕੱਦੂ ਦੀ ਖੇਤੀ ਨੇ ਗੈਰ-ਕਾਨੂੰਨੀ ਅਫ਼ੀਮ ਦੀ ਖੇਤੀ ਦੀ ਥਾਂਲੈ ਲਈ ਹੈ। ਜਿਸ ਨਾਲ ਕਿਸਾਨਾਂ ਨੂੰ ਮਾਨਸਿਕ ਸ਼ਾਂਤੀ ਅਤੇ ਧਨ ਦੋਵੇਂ ਮਿਲਦੇ ਹਨ। ਸੂਬੇ ਦੀ ਰਾਜਧਾਨੀ ਈਟਾਨਗਰ ਤੋਂ 300 ਕਿਲੋਮੀਟਰ ਅਤੇ ਲੋਹਿਤ ਜ਼ਿਲ੍ਹਾ ਹੈੱਡਕੁਆਰਟਰ ਤੇਜੂ ਤੋਂ 27  ਕਿਲੋਮੀਟਰ ਦੂਰ ਸਥਿਤ ਮੇਦੋ ਪਿੰਡ ਅਫ਼ੀਮ ਦੇ ਕੇਂਦਰ ਦੇ ਰੂਪ ’ਚ ਬਦਨਾਮ ਸੀ।

ਪਿਛਲੇ ਕੁਝ ਸਾਲਾਂ ’ਚ ਅਫ਼ੀਮ ਖ਼ਿਲਾਫ ਸਰਕਾਰ ਦੀ ਲੜਾਈ ਅਤੇ ਉਸ ਵਲੋਂ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਦੇ ਨਤੀਜੇ ਵਜੋਂ ਕਿਸਾਨ ਪ੍ਰਸਿੱਧ ਸਬਜ਼ੀ ਕੱਦੂ ਤੋਂ ਇਲਾਵਾ ਅਦਰਕ, ਸਰ੍ਹੋਂ ਅਤੇ ਚਾਹ ਵਰਗੀ ਨਕਦ ਫਸਲਾਂ ਦੀ ਕਾਸ਼ਤ ਕਰ ਰਹੇ ਹਨ। ਬਾਹਰ ਤੋਂ ਆਉਣ ਵਾਲੇ ਲੋਕਾਂ ਨੂੰ ਕੁਝ  ਸਾਲ ਪਹਿਲਾਂ ਤੱਕ ਅਫ਼ੀਮ ਦੇ ਫੁੱਲਾਂ ਨਾਲ ਭਰੇ ਖੇਤ ਵਿਖਾਈ ਦਿੰਦੇ ਸਨ, ਜੋ ਹੁਣ ਕੱਦੂ ਦੇ ਬੂਟਿਆਂ ਨਾਲ ਖਿੜ ਰਹੇ ਹਨ। ਵਾਕਾਰੋ ਜ਼ੋਨ ਦੇ ਵਧੀਕ ਸਹਾਇਕ ਕਮਿਸ਼ਨਰ ਟੈਮੋ ਰੀਬਾ ਨੇ ਕਿਹਾ ਕਿ ਅਫ਼ੀਮ ’ਤੇ ਸੂਬਾ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ ਨੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕੀਤਾ ਕਿਉਂਕਿ ਜ਼ਿਆਦਾਤਰ ਕਿਸਾਨ ਹੁਣ ਸਬਜ਼ੀਆਂ ਦੀ ਕਾਸ਼ਤ ਨੂੰ ਤਰਜੀਹ ਦੇ ਰਹੇ ਹਨ।

ਇਹ ਬਦਲਾਅ ਸੂਬਾ ਸਰਕਾਰ ਵੱਲੋਂ 2021 ਵਿਚ ਸ਼ੁਰੂ ਕੀਤੀ ਗਈ ਸਵੈ-ਨਿਰਭਰ ਖੇਤੀ ਯੋਜਨਾ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਅਫੀਮ ਵਿਰੁੱਧ ਲੜਾਈ ਵਿਚ ਪ੍ਰਸ਼ਾਸਨ ਦਾ ਸਹਿਯੋਗ ਕਰ ਰਹੀਆਂ ਹਨ। ਅਪ੍ਰੈਲ ਤੋਂ ਅਕਤੂਬਰ ਤੱਕ, ਮਨੀਉਲਿਯਾਂਗ, ਟਿਸ਼ੂ ਅਤੇ ਹੋਰਾਂ ਵਰਗੇ ਛੋਟੇ ਪਿੰਡਾਂ ਵਾਲੇ ਪਿੰਡਾਂ ਵਿਚ ਕੱਦੂ ਨਾਲ ਭਰੇ ਟਰੱਕਾਂ ਦੀ ਆਵਾਜਾਈ ਵੇਖੀ ਜਾ ਸਕਦੀ ਹੈ, ਕਿਉਂਕਿ ਗੁਆਂਢੀ ਆਸਾਮ ਦੇ ਵਪਾਰੀ ਸਬਜ਼ੀਆਂ ਦੀਆਂ ਸਭ ਤੋਂ ਵਧੀਆ ਕਿਸਮਾਂ ਖਰੀਦਣ ਲਈ ਮੇਦੋ ਵਿਚ ਆਉਂਦੇ ਹਨ।

ਖੇਤੀਬਾੜੀ ਵਿਕਾਸ ਅਧਿਕਾਰੀ ਵਿਜੇ ਨਾਮਚੁਮ ਨੇ ਦੱਸਿਆ ਕਿ ਕੱਦੂ ਹੁਣ ਮੇਦੋ ’ਚ ਇਕ ਪ੍ਰਮੁੱਖ ਫ਼ਸਲ ਹੈ ਅਤੇ ਵਕਾਰੋ ਖੇਤਰ ਦੇ 500 ਤੋਂ ਵੱਧ ਕਿਸਾਨ 1000 ਹੈਕਟੇਅਰ ਤੋਂ ਵੱਧ ਖੇਤਰ ਵਿਚ ਇਸ ਦੀ ਕਾਸ਼ਤ ਕਰਦੇ ਹਨ। ਇਸ ਖੇਤਰ ਵਿਚ ਹਰ ਸਾਲ ਔਸਤਨ 5000 ਮੀਟ੍ਰਿਕ ਟਨ ਤੋਂ ਵੱਧ ਕੱਦੂ ਉਗਾਏ ਜਾਂਦੇ ਹਨ। ਸਰਕਾਰ ਨੇ ਪਿਛਲੇ ਸਾਲ ਸਤੰਬਰ ’ਚ ਆਤਮਾ ਨਿਰਭਰ ਖੇਤੀ ਯੋਜਨਾ ਅਤੇ ਆਤਮਾ ਨਿਰਭਰ ਬਾਗਬਾਨੀ ਯੋਜਨਾ ਸ਼ੁਰੂ ਕੀਤੀ ਸੀ ਅਤੇ ਹਰੇਕ ਲਈ 60-60 ਕਰੋੜ ਰੁਪਏ ਅਲਾਟ ਕੀਤੇ ਸਨ।

Tanu

This news is Content Editor Tanu