ਵਿਸ਼ਵ ਕੱਪ ''ਚ ਪਾਕਿਸਤਾਨ ਖਿਲਾਫ ਮੈਚ ਨਾ ਖੇਡਣਾ ਸਰੰਡਰ ਕਰਨ ਨਾਲੋਂ ਵੀ ਬੁਰਾ : ਥਰੂਰ

02/22/2019 12:42:12 PM

ਨਵੀਂ ਦਿੱਲੀ— ਪੁਲਵਾਮਾ ਅੱਤਵਾਦੀ ਹਮਲੇ ਕਾਰਨ ਵਿਸ਼ਵ ਕੱਪ 'ਚ ਪਾਕਿਸਤਾਨ ਖਿਲਾਫ ਮੈਚ ਨਾ ਖੇਡਣ ਨਾਲ ਜੁੜੀ ਮੰਗ 'ਚ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਕਿਹਾ ਕਿ ਮੈਚ ਨਾ ਖੇਡਣਾ ਆਤਮ-ਸਮਰਪਣ (ਸਰੰਡਰ) ਕਰਨ ਨਾਲੋਂ ਵੀ ਬੁਰਾ ਹੋਵੇਗਾ। ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਭਾਜਪਾ ਸਰਕਾਰ ਪੁਲਵਾਮਾ ਹਮਲੇ ਨਾਲ ਜੁੜੀ ਆਪਣੀ ਲਾਪਰਵਾਹੀ ਤੋਂ ਧਿਆਨ ਭਟਕਾਉਣਾ ਚਾਹੁੰਦੀ ਹੈ। ਥਰੂਰ ਨੇ ਟਵੀਟ ਕਰ ਕੇ ਕਿਹਾ,''ਜਿਸ ਸਮੇਂ ਕਾਰਗਿਲ ਯੁੱਧ ਆਪਣੇ ਚਰਮ 'ਤੇ ਸੀ, ਉਸ ਸਮੇਂ ਭਾਰਤ ਨੇ ਵਿਸ਼ਵ ਕੱਪ 'ਚ ਪਾਕਿਸਤਾਨ ਦੇ ਖਿਲਾਫ ਮੈਚ ਖੇਡਿਆ ਅਤੇ ਜਿੱਤਿਆ। ਇਸ ਵਾਰ ਮੈਚ ਛੱਡਣਾ ਨਾ ਸਿਰਫ 2 ਅੰਕ ਗਵਾਉਣਾ ਹੋਵੇਗਾ, ਸਗੋਂ ਇਹ ਸਮਰਪਣ ਕਰਨ ਨਾਲੋਂ ਵੀ ਜ਼ਿਆਦਾ ਬੁਰਾ ਹੋਵੇਗਾ, ਕਿਉਂਕਿ ਇਹ ਹਾਰ ਬਿਨਾਂ ਸੰਘਰਸ਼ ਕੀਤੇ ਹੋਵੇਗੀ।''

ਉਨ੍ਹਾਂ ਨੇ ਕਿਹਾ,''ਸਾਡੀ ਸਰਕਾਰ ਨੇ ਪੁਲਵਾਮਾ ਹਮਲੇ ਤੋਂ ਬਾਅਦ ਰਾਸ਼ਟਰੀ ਸੋਗ ਵੀ ਐਲਾਨ ਨਹੀਂ ਕੀਤਾ, ਹੁਣ ਉਹ ਉਸ ਮੈਚ ਨੂੰ ਰੱਦ ਕਰਨਾ ਚਾਹੁੰਦੇ ਹਨ ਜੋ ਤਿੰਨ ਮਹੀਨੇ ਬਾਅਦ ਹੈ। ਕੀ 40 ਜ਼ਿੰਦਗੀਆਂ ਜਾਣ ਦਾ ਇਹੀ ਗੰਭੀਰ ਉੱਤਰ ਹੈ?'' ਥਰੂਰ ਨੇ ਦੋਸ਼ ਲਗਾਇਆ,''ਭਾਜਪਾ ਸੰਕਟ ਨਾਲ ਨਜਿੱਠਣ 'ਚ ਹੋਈ ਆਪਣੀ ਲਾਪਰਵਾਹੀ ਤੋਂ ਧਿਆਨ ਭਟਕਾਉਣਾ ਚਾਹੁੰਦੀ ਹੈ। ਸਾਨੂੰ ਦਿਖਾਵੇ ਦੀ ਰਾਜਨੀਤੀ ਨਹੀਂ ਸਗੋਂ ਪ੍ਰਭਾਵੀ ਕਾਰਵਾਈ ਦੀ ਲੋੜ ਹੈ।'' ਦਰਅਸਲ ਕੁਝ ਮਹੀਨੇ ਬਾਅਦ ਹੀ ਇੰਗਲੈਂਡ 'ਚ ਇਕ ਦਿਨਾ ਕ੍ਰਿਕਟ ਵਿਸ਼ਵ ਕੱਪ ਹੋਣ ਵਾਲਾ ਹੈ।