ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ NIA ਦੀ ਚਾਰਜਸ਼ੀਟ ''ਚ ਵੱਡਾ ਖ਼ੁਲਾਸਾ

08/25/2020 1:09:55 PM

ਨਵੀਂ ਦਿੱਲੀ— ਬੀਤੇ ਸਾਲ ਫਰਵਰੀ ਮਹੀਨੇ 'ਚ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਰਾਸ਼ਟਰੀ ਜਾਂਚ ਏਜੰਸੀ (ਐੱਨ. ਏ. ਆਈ.) ਦੀ ਚਾਰਜਸ਼ੀਟ 'ਚ ਵੱਡਾ ਖ਼ੁਲਾਸਾ ਹੋਇਆ ਹੈ। ਇਸ ਅੱਤਵਾਦੀ ਹਮਲੇ 'ਚ ਸੀ. ਆਰ. ਪੀ. ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਚਾਰਜਸ਼ੀਟ ਵਿਚ ਐੱਨ. ਆਈ. ਏ. ਨੇ ਪਾਕਿਸਤਾਨ ਤੋਂ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਅਤੇ ਉਸ ਦਾ ਭਰਾ ਰਊਫ ਅਸ਼ਗਰ ਨੂੰ ਹਮਲੇ ਦਾ ਮਾਸਟਰਮਾਈਂਡ ਦੱਸਿਆ ਗਿਆ ਹੈ। ਜਾਣਕਾਰੀ ਮੁਤਾਬਕ 5,000 ਪੰਨਿਆਂ ਦੇ ਚਾਰਜਸ਼ੀਟ 'ਚ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ। ਇਸ ਚਾਰਜਸ਼ੀਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਕਿਵੇਂ ਕਸ਼ਮੀਰ ਦੇ ਪੁਲਵਾਮਾ 'ਚ ਭਾਰਤੀ ਫ਼ੌਜ 'ਤੇ ਪਾਕਿਸਤਾਨੀ ਅੱਤਵਾਦੀ ਸੰਗਠਨ ਵਲੋਂ ਹੁਣ ਤੱਕ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਕੀਤਾ ਗਿਆ ਸੀ।

ਇਸ ਤਰ੍ਹਾਂ ਹੋਇਆ ਸੀ ਹਮਲਾ ਤੇ ਸ਼ਹੀਦ ਹੋਏ 40 ਜਵਾਨ—
14 ਫਰਵਰੀ 2019 ਦਾ ਦਿਨ ਕਦੇ ਭੁਲਾਇਆ ਨਹੀਂ ਜਾ ਸਕਦਾ। ਪੁਲਵਾਮਾ 'ਚ ਭਾਰਤੀ ਫ਼ੌਜ ਦੇ ਕਾਫਿਲੇ ਦੇ ਲੰਘਣ ਦੌਰਾਨ ਇਕ ਕਾਰ 'ਚ ਵਿਸਫੋਟਕ ਰੱਖ ਕੇ ਆਤਮਘਾਤੀ ਹਮਲਾਵਰ ਨੇ ਫ਼ੌਜ ਦੀ ਬੱਸ ਨੂੰ ਟੱਕਰ ਮਾਰੀ ਸੀ, ਜਿਸ ਕਾਰਨ ਉੱਥੇ ਵੱਡਾ ਧਮਾਕਾ ਹੋਇਆ ਸੀ ਅਤੇ ਸਾਡੇ 40 ਜਵਾਨ ਸ਼ਹੀਦ ਹੋ ਗਏ। 

ਚਾਰਜਸ਼ੀਟ 'ਚ ਕੀ ਹੈ?
ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਹੈ ਕਿ ਚਾਰਜਸ਼ੀਟ ਵਿਚ ਪਾਕਿਸਤਾਨ ਦੇ ਜੈਸ਼ ਕਮਾਂਡਰ ਉਮਰ ਫਾਰੂਕ ਦੇ ਫੋਨ ਵਿਚ ਮਿਲੀ ਕਾਲ ਰਿਕਾਰਡਿੰਗ, ਆਰ. ਡੀ. ਐੱਕਸ ਅਤੇ ਵਿਸਫੋਟਕਾਂ ਦੀਆਂ ਤਸਵੀਰਾਂ ਸਮੇਤ ਵਟਸਐਪ ਚੈਟ ਵੀ ਸਬੂਤ ਦੇ ਤੌਰ 'ਤੇ ਸ਼ਾਮਲ ਹਨ। ਉਮਰ ਫਾਰੂਕ ਨੂੰ ਬਾਅਦ 'ਚ ਸੁਰੱਖਿਆ ਫੋਰਸ ਦੇ ਦਸਤਿਆਂ ਨੇ ਮਾਰ ਦਿੱਤਾ ਸੀ। ਚਾਰਜਸ਼ੀਟ ਵਿਚ ਦੱਸਿਆ ਗਿਆ ਹੈ ਕਿ ਹਮਲੇ ਦੀ ਸ਼ਲਾਘਾ ਕਰਦੇ ਹੋਏ ਮਸੂਦ ਅਜ਼ਹਰ ਦੀ ਆਡੀਓ ਅਤੇ ਵੀਡੀਓ ਕਲਿੱਪ ਵੀ ਹੈ। ਦੱਸ ਦੇਈਏ ਇਕ ਅੱਤਵਾਦੀ ਸਰਗਨਾ ਮਸੂਦ ਅਜ਼ਹਰ ਮੁੰਬਈ ਹਮਲੇ ਤੋਂ ਇਲਾਵਾ ਭਾਰਤ 'ਚ ਕਈ ਅੱਤਵਾਦੀ ਘਟਨਾਵਾਂ ਲਈ ਵਾਂਟੇਡ ਹੈ।


Tanu

Content Editor

Related News