J&K: ਪੁਲਵਾਮਾ 'ਚ ਸੁਰੱਖਿਆ ਫੋਰਸ ਨੇ 3 ਅੱਤਵਾਦੀ ਕੀਤੇ ਢੇਰ

01/12/2020 4:12:45 PM

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿਚ ਐਤਵਾਰ ਨੂੰ ਅੱਤਵਾਦੀਆਂ ਅਤੇ ਸੁਰੱਖਿਆ ਫੋਰਸਾਂ ਵਿਚਾਲੇ ਹੋਏ ਮੁਕਾਬਲੇ 'ਚ ਫੌਜ ਨੇ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਸੂਤਰਾਂ ਮੁਤਾਬਕ ਤਰਾਲ ਦੇ ਜੰਗਲਾਂ ਵਿਚ ਅੱਤਵਾਦੀਆਂ ਦੇ ਲੁੱਕੇ ਹੋਣ ਦੀ ਖੁਫੀਆ ਸੂਚਨਾ ਦੇ ਆਧਾਰ 'ਤੇ ਰਾਸ਼ਟਰੀ ਰਾਈਫਲ, ਜੰਮੂ-ਕਸ਼ਮੀਰ ਪੁਲਸ ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੇ ਜਵਾਨਾਂ ਨੇ ਸੰਯੁਕਤ ਤਲਾਸ਼ੀ ਮੁਹਿੰਮ ਚਲਾਈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਦੇ ਸੰਬੰਧ 'ਚ ਮਿਲੀ ਵਿਸ਼ੇਸ਼ ਜਾਣਕਾਰੀ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਦੱਖਣੀ ਕਸ਼ਮੀਰ ਦੇ ਤਰਾਲ 'ਚ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। 

ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਫੋਰਸ ਜਦੋਂ ਤਲਾਸ਼ੀ ਮੁਹਿੰਮ ਚਲਾ ਰਹੇ ਸਨ ਤਾਂ ਅੱਤਵਾਦੀਆਂ ਨੇ ਉਨ੍ਹਾਂ 'ਤੇ ਗੋਲੀਆਂ ਚੱਲਾ ਦਿੱਤੀਆਂ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ ਦੋਹਾਂ ਪਾਸਿਓਂ ਗੋਲੀਬਾਰੀ ਹੋ ਰਹੀ ਸੀ। ਮੁਕਾਬਲੇ ਦੌਰਾਨ ਸੁਰੱਖਿਆ ਫੋਰਸ ਨੇ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਤੀਜਾ ਇਲਾਕੇ ਵਿਚ ਲੁੱਕ ਗਿਆ ਸੀ। ਫੌਜ ਨੇ ਸਰਚ ਆਪਰੇਸ਼ਨ ਚਲਾਇਆ, ਤਾਂ ਕਿ ਅੱਤਵਾਦੀ ਮੌਕੇ ਦਾ ਫਾਇਦਾ ਚੁੱਕ ਕੇ ਦੌੜ ਨਾ ਸਕੇ। ਸੁਰੱਖਿਆ ਫੋਰਸ ਨੇ ਦੁਪਹਿਰ ਨੂੰ ਤੀਜੇ ਅੱਤਵਾਦੀ ਨੂੰ ਵੀ ਢੇਰ ਕਰ ਦਿੱਤਾ। ਦੋਹਾਂ ਪਾਸਿਓਂ ਗੋਲੀਬਾਰੀ ਜਾਰੀ ਰਹਿਣ ਕਾਰਨ ਅੱਤਵਾਦੀਆਂ ਦੀਆਂ ਲਾਸ਼ਾਂ ਸੁਰੱਖਿਆ ਫੋਰਸ ਬਰਾਮਦ ਨਹੀਂ ਕਰ ਸਕੇ, ਇਸ ਲਈ ਮਰੇ ਹੋਏ ਅੱਤਵਾਦੀਆਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ।


Tanu

Content Editor

Related News