ਪੁਲਵਾਮਾ ਅੱਤਵਾਦੀ ਹਮਲੇ ਦੀ ਬਰਸੀ ’ਤੇ ਸ਼ਹੀਦਾਂ ਨੂੰ ਨਮਨ, ਲੋਕ ਬੋਲੇ- ਨਹੀਂ ਭੁਲਾਂਗੇ ਅੱਜ ਦਾ ਉਹ ਦਿਨ

02/14/2022 11:08:39 AM

ਨੈਸ਼ਨਲ ਡੈਸਕ— 14 ਫਰਵਰੀ ਦਾ ਦਿਨ ਭਾਵੇਂ ਹੀ ਕਈ ਲੋਕਾਂ ਲਈ ਵੈਲੇਨਟਾਈਨ ਡੇਅ ਮਨਾਉਣ ਦਾ ਦਿਨ ਹੋਵੇ ਪਰ ਇਹ ਦਿਨ ਇਤਿਹਾਸ ’ਚ ਜੰਮੂ-ਕਸ਼ਮੀਰ ਦੀ ਸਭ ਤੋਂ ਦੁਖ਼ਦ ਘਟਨਾ ਦੀ ਯਾਦ ਦਿਵਾਉਂਦਾ ਹੈ। ਸਾਲ 2019 ’ਚ 14 ਫਰਵਰੀ ਵਾਲੇ ਦਿਨ ਹੀ ਅੱਤਵਾਦੀਆਂ ਨੇ ਇਸ ਦਿਨ ਨੂੰ ਦੇਸ਼ ਦੇ ਸੁਰੱਖਿਆ ਕਰਮੀਆਂ ’ਤੇ ਕਾਇਰਤਾਪੂਰਨ ਹਮਲੇ ਲਈ ਚੁਣਿਆ। ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਜੈਸ਼-ਏ-ਮੁਹੰਮਦ ਦੇ ਇਕ ਅੱਤਵਾਦੀ ਨੇ ਵਿਸਫੋਟਕ ਨਾਲ ਲੱਦੇ ਵਾਹਨ ਨਾਲ ਸੀ. ਆਰ. ਪੀ. ਐੱਫ. ਜਵਾਨਾਂ ਦੀ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ’ਚ 40 ਜਵਾਨ ਸ਼ਹੀਦ ਹੋ ਗਏ ਅਤੇ ਕਈ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। 

ਦੋਸ਼ੀਆਂ ਨੂੰ ਮੁਆਫ਼ ਨਹੀਂ ਕਰਾਂਗੇ-
ਪੁਲਵਾਮਾ ਅੱਤਵਾਦੀ ਹਮਲੇ ਨੂੰ 3 ਸਾਲ ਹੋ ਚੁੱਕੇ ਹਨ ਪਰ ਇਸ ਦੇ ਜ਼ਖਮ ਅਤੇ ਦਰਦ ਅੱਜ ਵੀ ਹਰੇ ਹਨ। ਸੋਸ਼ਲ ਮੀਡੀਆ ’ਤੇ #PulwamaAttack ਅਤੇ #Pulwama ਟਰੈਡ ਕਰ ਰਿਹਾ ਹੈ। ਲੋਕ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਯੂਜ਼ਰਸ ਨੇ ਲਿਖਿਆ ਕਿ ਇਹ ਉਹ ਦਿਨ ਹੈ, ਜਿਸ ਨੂੰ ਅਸੀਂ ਕਦੇ ਨਹੀਂ ਭੁੱਲਾਂਗੇ ਅਤੇ ਨਾ ਹੀ ਦੋਸ਼ੀਆਂ ਨੂੰ ਮੁਆਫ਼ ਕਰਾਂਗੇ। 14 ਫਰਵਰੀ ਜਦੋਂ ਲੋਕ ਵੈਲੇਨਟਾਈਨ ਡੇਅ ’ਤੇ ਆਪਣੇ ਦੋਸਤਾਂ ਨਾਲ ਇਸ ਦਿਨ ਦਾ ਜਸ਼ਨ ਮਨਾ ਰਹੇ ਸਨ ਤਾਂ ਦੁਪਹਿਰ ਕਰੀਬ ਪੌਣੇ 4 ਵਜੇ ਟੀ. ਵੀ. ’ਤੇ ਪੁਲਵਾਮਾ ਹਮਲੇ ਦੀ ਖ਼ਬਰ ਆਈ। ਪੂਰਾ ਦੇਸ਼ ਹੈਰਾਨ ਰਹਿ ਗਿਆ। ਲੋਕ ਅੱਤਵਾਦੀਆਂ ਦੀ ਇਸ ਕਾਇਰਤਾਪੂਰਨ ਹਰਕਤ ਤੋਂ ਗੁੱਸੇ ’ਚ ਆ ਗਏ। 

ਕੀ ਹੋਇਆ ਸੀ 14 ਫਰਵਰੀ 2019 ਨੂੰ
ਪੁਲਵਾਮਾ ਦੇ ਲੀਥੋਪੋਰਾ ’ਚ  ਸੀ. ਆਰ. ਪੀ. ਐੱਫ. ਜਵਾਨਾਂ ਨਾਲ ਭਰੀ ਬੱਸ ਨਾਲ ਇਕ ਵਿਸਫੋਟਕ ਨਾਲ ਭਰੀ ਗੱਡੀ ਸਿੱਧੀ ਜਾ ਟਕਰਾਈ ਅਤੇ ਜ਼ੋਰਦਾਰ ਧਮਾਕਾ ਹੋਇਆ। ਆਹਮਣੇ-ਸਾਹਮਣੇ ਦੀ ਟੱਕਰ ਹੋਣ ਤੋਂ ਪਹਿਲਾਂ ਤਾਂ ਕਿਸੇ ਨੂੰ ਕੁਝ ਸਮਝ ਨਹੀਂ ਆਇਆ। ਧਮਾਕਾ ਦਾ ਕਾਲਾ ਧੂੰਆਂ ਆਲੇ-ਦੁਆਲੇ ਇੰਨਾ ਕੁ ਜ਼ਿਆਦਾ ਭਰ ਗਿਆ ਕਿ ਕੁਝ ਨਜ਼ਰ ਨਹੀਂ ਆ ਰਿਹਾ ਸੀ। ਧੂੰਆਂ ਹਟਿਆ ਤਾਂ ਸੜਕ ’ਤੇ ਸਾਡੇ ਦੇਸ਼ ਦੇ ਵੀਰ ਜਵਾਨਾਂ ਦੇ ਮਿ੍ਰਤਕ ਸਰੀਰ ਧਰਤੀ ’ਤੇ ਪਏ ਸਨ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸੜਕ ਕਈ ਦੂਰੀ ਤਕ ਖੂਨ ਨਾਲ ਰੰਗੀ ਗਈ ਸੀ। ਜਵਾਨਾਂ ਨੇ ਇਸ ਗੋਲੀਬਾਰੀ ਦਾ ਮੂੰਹਤੋੜ ਜਵਾਬ ਦਿੱਤਾ ਅਤੇ ਜਵਾਬੀ ਕਾਰਵਾਈ ’ਚ ਅੱਤਵਾਦੀ ਦੌੜ ਗਏ। ਮੀਡੀਆ ਵਿਚ ਇਸ ਹਮਲੇ ਦੀਆਂ ਤਸਵੀਰਾਂ ਜਦੋਂ ਸਾਹਮਣੇ ਆਈਆਂ ਤਾਂ ਪੂਰਾ ਦੇਸ਼ ਹਿੱਲ ਗਿਆ। ਹਰ ਕਿਸੇ ਦੀ ਜ਼ੁਬਾਨ ’ਤੇ ਇਕੋਂ ਹੀ ਗੱਲ ਸੀ ਕਿ ਇਸ ਹਮਲੇ ਦਾ ਬਦਲਾ ਲਓ, ਅੱਤਵਾਦੀਆਂ ਨੂੰ ਮਾਰੋ ਅਤੇ ਦੁਸ਼ਮਣਾਂ ਨੂੰ ਕਰਾਰਾ ਜਵਾਬ ਦਿਓ।

20 ਸਾਲ ਦੇ ਮੁੰਡੇ ਨੇ ਕੀਤਾ ਸੀ ਹਮਲਾ
ਪੁਲਵਾਮਾ ਹਮਲੇ ਨੂੰ ਅੰਜ਼ਾਮ ਦੇਣ ਵਾਲਾ ਉਸੇ ਇਲਾਕੇ ਦਾ ਮਹਿਜ 20 ਸਾਲ ਦਾ ਇਕ ਮੁੰਡਾ ਸੀ, ਜਿਸ ਦਾ ਨਾਂ ਆਦਿਲ ਅਹਿਮਦ ਡਾਰ ਸੀ। ਆਦਿਲ ਪਾਕਿਸਤਾਨ ਸਥਿਤ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਨਾਲ ਜੁੜਿਆ ਹੋਇਆ ਸੀ। ਹਮਲੇ ਤੋਂ ਪਹਿਲਾਂ ਉਸ ਨੇ ਵੀਡੀਓ ਵੀ ਬਣਾਇਆ ਸੀ, ਜਿਸ ’ਚ ਉਸ ਨੇ ਕਿਹਾ ਸੀ ਕਿ ਉਹ ਇਸ ਤੋਂ ਬਾਅਦ ਜੰਨਤ ਨੂੰ ਜਾਵੇਗਾ। ਸੋਸ਼ਲ ਮੀਡੀਆ ’ਤੇ ਉਸ ਦਾ ਵੀਡੀਓ ਕਾਫੀ ਵਾਇਰਲ ਹੋਇਆ ਸੀ।
 

Tanu

This news is Content Editor Tanu