ਪੁਲਵਾਮਾ ਹਮਲੇ ਦੀ ਦੂਜੀ ਬਰਸੀ; ‘ਪ੍ਰਣਾਮ ਸ਼ਹੀਦਾਂ ਨੂੰ’, ਅੱਜ ਵੀ ਤਾਜ਼ਾ ਨੇ ਉਹ ਜ਼ਖਮ

02/14/2021 1:14:23 PM

ਨਵੀਂ ਦਿੱਲੀ/ਜੰਮੂ— 14 ਫਰਵਰੀ ਦਾ ਦਿਨ ਇਤਿਹਾਸ ’ਚ ਜੰਮੂ-ਕਸ਼ਮੀਰ ਦੀ ਇਕ ਦੁਖ਼ਦ ਘਟਨਾ ਨਾਲ ਦਰਜ ਹੈ। ਦੋ ਵਰ੍ਹੇ ਬੀਤ ਗਏ ਪਰ ਉਸ ਘਟਨਾ ਦੇ ਜ਼ਖਮ ਅੱਜ ਤੱਕ ਹਰੇ ਹਨ, ਜਦੋਂ ਅੱਤਵਾਦੀਆਂ ਨੇ ਇਸ ਦਿਨ ਨੂੰ ਦੇਸ਼ ਦੇ ਸੁਰੱਖਿਆ ਜਵਾਨਾਂ ’ਤੇ ਕਾਇਰਾਨਾ ਹਮਲੇ ਲਈ ਚੁਣਿਆ। 14 ਫਰਵਰੀ 2019 ਨੂੰ ਸੁਰੱਖਿਆ ਜਵਾਨਾਂ ਦੀ ਬੱਸ ’ਤੇ ਹੋਏ ਅੱਤਵਾਦੀ ਹਮਲੇ ਦੀ ਅੱਜ ਦੂਜੀ ਬਰਸੀ ਹੈ। ਪੁਲਵਾਮਾ ਜ਼ਿਲ੍ਹੇ ਵਿਚ ਜੈਸ਼-ਏ-ਮੁਹੰਮਦ ਦੇ ਇਕ ਅੱਤਵਾਦੀ ਨੇ ਧਮਾਕਾਖੇਜ਼ ਸਮੱਗਰੀ ਨਾਲ ਲੱਦੀ ਕਾਰ ਨਾਲ ਸੀ. ਆਰ. ਪੀ. ਐੱਫ. ਜਵਾਨਾਂ ਦੀ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ’ਚ 40 ਜਵਾਨ ਸ਼ਹੀਦ ਹੋ ਗਏ ਅਤੇ ਕਈ ਗੰਭੀਰ ਰੂਪ ਨਾਲ ਜ਼ਖਮੀ ਹੋਏ। ਪੂਰਾ ਦੇਸ਼ ਜਵਾਨਾਂ ਨੂੰ ਸਲਾਮ ਕਰ ਰਿਹਾ ਹੈ। 

ਇਸ ਦਰਦਨਾਕ ਹਮਲੇ ਨੂੰ ਅੱਜ ਦੋ ਸਾਲ ਬੀਤ ਗਏ ਹਨ ਪਰ ਜ਼ਖਮੀ ਅਜੇ ਵੀ ਤਾਜ਼ਾ ਹਨ। ਪੁਲਵਾਮਾ ਹਮਲੇ ਦੀ ਦੂਜੀ ਬਰਸੀ ’ਤੇ ਭਾਰਤੀ ਫ਼ੌਜ ਨੇ ਇਕ ਵੀਡੀਓ ਜਾਰੀ ਕੀਤਾ ਹੈ। ਉਸ ਘਟਨਾ ਦੀ ਪੂਰੀ ਕਹਾਣੀ ਨੂੰ ਬਿਆਨ ਕਰਨ ਵਾਲੀ ਇਹ ਵੀਡੀਓ ਨੇ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ। 


ਚਿਨਾਰ ਕੋਰ ਦੇ ਟਵਿੱਟਰ ਹੈਂਡਲ ਤੋਂ ਜਾਰੀ ਇਹ ਵੀਡੀਓ ਬੇਹੱਦ ਭਾਵੁਕ ਕਰ ਦੇਣ ਵਾਲਾ ਹੈ। ਇਸ ਦੀ ਸ਼ੁਰੂਆਤ ’ਚ ਦੱਸਿਆ ਗਿਆ ਹੈ ਕਿ ਸੀ. ਆਰ. ਪੀ. ਐੱਫ. ਬਟਾਲੀਅਨ ਦੀ ਬੱਸ ਨੂੰ ਨਿਸ਼ਾਨਾ ਬਣਾਇਆ ਗਿਆ। ਜੈਸ਼-ਏ-ਮੁਹੰਮਦ ਦੇ ਅੱਤਵਾਦੀ ਆਦਿਲ ਅਹਿਮਦ ਡਾਰ ਦੀ ਉਮਰ ਸਿਰਫ 20 ਸਾਲ ਸੀ, ਜਿਸ ਨੇ ਇਹ ਕਾਇਰਾਨਾ ਹਮਲਾ ਕੀਤਾ। ਅੱਤਵਾਦੀ ਡਾਰ ਨੇ ਆਪਣੇ ਹੀ ਘਰ ਤੋਂ ਮਹਿਜ 10 ਕਿਲੋਮੀਟਰ ਦੀ ਦੂਰੀ ’ਤੇ ਹੀ ਹਾਈਵੇਅ ’ਤੇ ਸੀ. ਆਰ. ਪੀ. ਐੱਫ. ’ਤੇ ਹਮਲਾ ਬੋਲਿਆ ਸੀ। ਅਹਿਮਦ ਨੇ ਜੰਮੂ-ਸ਼੍ਰੀਨਗਰ ਹਾਈਵੇਅ ’ਤੇ ਸੁਰੱਖਿਆ ਜਵਾਨਾਂ ਦੇ ਬੱਸ ਦੇ ਕਾਫ਼ਿਲੇ ਅੱਗੇ ਖ਼ੁਦ ਨੂੰ ਉਡਾ ਲਿਆ ਸੀ, ਜਿਸ ਨਾਲ 40 ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਦੇ ਜਵਾਨ ਸ਼ਹੀਦ ਹੋ ਗਏ। 

ਵੀਡੀਓ ’ਚ ਦੱਸਿਆ ਗਿਆ ਹੈ ਕਿ ਇਸ ਘਟਨਾ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਤੋਂ ‘ਮੋਸਟ ਫੇਵਰੈਟ ਨੇਸ਼ਨ’ ਦਾ ਦਰਜਾ ਵਾਪਸ ਲੈ ਲਿਆ। ਉਸ ਨਾਲ ਵਪਾਰ ਬੰਦ ਕਰ ਦਿੱਤੇ ਅਤੇ ਕੂਟਨੀਤਕ ਮੋਰਚੇ ’ਤੇ ਉਸ ਦੀ ਘੇਰਾਬੰਦੀ ਕੀਤੀ ਜਾਣ ਲੱਗੀ। ਵੀਡੀਓ ’ਚ ਜੋ ਗੀਤ ਚਲਾਇਆ ਗਿਆ ਹੈ, ਦੇਸ਼ ਭਗਤੀ ਗੀਤ ਹੈ। ਇਸ ਵੀਡੀਓ ਨੂੰ ਜਿਸ ਨੇ ਵੀ ਵੇਖਿਆ ਉਹ ਆਪਣੇ ਹੰਝੂਆਂ ਨੂੰ ਸ਼ਾਇਦ ਹੀ ਰੋਕ ਸਕਿਆ ਹੋਵੇ। ਵੀਡੀਓ ਦੇ ਅਖ਼ੀਰ ਵਿਚ ਲਿਖੀਆਂ ਸਤਰਾਂ ਇੰਝ ਹਨ—

ਬਿਠਾ ਕੇ ਕੋਲ ਬੱਚਿਆਂ ਨੂੰ, ਜੋ ਕੱਲ੍ਹ ਕਿੱਸੇ ਸੁਣਦਾ ਸੀ,
ਉਸ ਨੂੰ ਕਿੱਸਾ ਬਣਾਉਣ ਨੂੰ, ਕੀ ਜਾਇਜ਼ ਇਹ ਧਮਾਕਾ ਸੀ?
ਪਹੁੰਚਿਆ ਘਰ ਜੋ ਉਸ ਦੇ ਸੀ, ਉਹ ਤਾਬੂਤ ਸੀ ਖਾਲੀ,
ਉਠਿਆ ਜੋ ਉਸ ਦੀ ਚੌਖਟ ਤੋਂ ਬਹੁਤ ਭਾਰੀ ਜਨਾਜ਼ਾ ਸੀ।

Tanu

This news is Content Editor Tanu