ਪਬਜੀ ਖੇਡਣ ਤੋਂ ਰੋਕਿਆ ਤਾਂ ਬੇਟੇ ਨੇ ਕੀਤਾ ਪਿਤਾ ਦਾ ਕਤਲ, ਜੇਲ ''ਚ ਵੀ ਮੰਗਦਾ ਰਿਹਾ ਮੋਬਾਇਲ

09/10/2019 11:03:36 AM

ਬੈਂਗਲੁਰੂ— ਕਰਨਾਟਕ ਦੇ ਬੇਲਾਗਵੀ ਜ਼ਿਲੇ 'ਚ ਇਕ ਬੇਟੇ ਦੇ ਆਪਣੇ ਪਿਤਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੇਟੇ ਨੇ ਆਪਣੇ ਪਿਤਾ ਦਾ ਸਿਰਫ਼ ਇਸ ਲਈ ਕਤਲ ਕਰ ਦਿੱਤਾ, ਕਿਉਂਕਿ ਉਹ ਉਸ ਨੂੰ ਪਬਜੀ ਖੇਡਣ ਤੋਂ ਮਨ੍ਹਾ ਕਰ ਰਹੇ ਸਨ।

ਬਿਨਾਂ ਰੋਕ ਦੇ ਪਬਜੀ ਖੇਡਣ ਲਈ ਕੀਤਾ ਪਿਤਾ ਦਾ ਕਤਲ
ਮਿਲੀ ਜਾਣਕਾਰੀ ਅਨੁਸਾਰ ਰਘੁਵੀਰ ਕੁੰਭਾਰ ਦੀ ਕਥਿਤ ਤੌਰ 'ਤੇ ਪਬਜੀ ਖੇਡਣ ਨੂੰ ਲੈ ਕੇ ਆਪਣੇ ਪਿਤਾ ਨਾਲ ਲੜਾਈ ਹੋਈ ਸੀ। ਉਸ ਦੇ ਪਿਤਾ ਦੀ ਪਛਾਣ 65 ਸਾਲ ਦੇ ਸ਼ੰਕਰੱਪਾ ਕੁੰਭਾਰ ਦੇ ਰੂਪ 'ਚ ਹੋਈ ਹੈ, ਜੋ ਇਕ ਰਿਟਾਇਰਡ ਪੁਲਸ ਕਰਮਚਾਰੀ ਸਨ। ਐਤਵਾਰ ਨੂੰ ਦੋਹਾਂ ਦਰਮਿਆਨ ਗੇਮ ਖੇਡਣ ਨੂੰ ਲੈ ਕੇ ਬਹਿਸ ਹੋਈ ਅਤੇ ਫਿਰ ਉਸ ਤੋਂ ਬਾਅਦ ਰਘੁਵੀਰ ਨੇ ਆਪਣੇ ਪਿਤਾ 'ਤੇ ਹਮਲਾ ਕਰ ਦਿੱਤਾ। ਉਸ ਨੇ ਇਹ ਹਮਲਾ ਉਨ੍ਹਾਂ ਦੇ ਸਿਰ ਅਤੇ ਪੈਰ 'ਤੇ ਕੀਤਾ, ਜਿਸ ਨਾਲ ਉਨ੍ਹਾਂ ਦੀ ਜਾਨ ਚੱਲੀ ਗਈ। ਫਿਰ ਉਸ ਨੇ ਪਿਤਾ ਦੇ ਸਰੀਰ ਦੇ ਟੁੱਕੜੇ-ਟੁੱਕੜੇ ਕਰ ਦਿੱਤੇ। ਇਹ ਸਭ ਉਸ ਨੇ ਇਸ ਲਈ ਕੀਤਾ ਤਾਂ ਕਿ ਉਹ ਸ਼ਾਂਤੀ ਨਾਲ ਆਪਣੇ ਮੋਬਾਇਲ ਫੋਨ 'ਤੇ ਪਬਜੀ ਗੇਮ ਖੇਡ ਸਕੇ।

ਪਿਤਾ ਦੀ ਲਾਸ਼ ਦੇ ਕੀਤੇ ਟੁੱਕੜੇ
ਬੇਲਾਗਵੀ ਪੁਲਸ ਨੇ ਮੀਡੀਆ ਨੂੰ ਦੱਸਿਆ,''ਰਘੁਵੀਰ ਦਾ ਫੋਨ ਖੋਹਣ 'ਤੇ ਅਤੇ ਪਬਜੀ ਗੇਮ ਨਾਲ ਖੇਡਣ ਦੇਣ 'ਤੇ ਉਸ ਦੀ ਆਪਣੇ ਪਿਤਾ ਨਾਲ ਬੁਰੀ ਤਰ੍ਹਾਂ ਨਾਲ ਝੜਪ ਹੋ ਗਈ ਸੀ। ਇਸੇ ਦੌਰਾਨ ਉਸ ਨੇ ਆਪਣੇ ਪਿਤਾ ਸ਼ੰਕਰ ਦਾ ਕਤਲ ਕਰ ਦਿੱਤਾ।'' ਪੁਲਸ ਨੇ ਦੱਸਿਆ,''ਜਦੋਂ ਰਘੁਵੀਰ ਨੇ ਆਪਣੇ ਪਿਤਾ 'ਤੇ ਹਮਲਾ ਕੀਤਾ, ਉਸ ਸਮੇਂ ਸ਼ੰਕਰ ਘਰ 'ਚ ਬੈਠਾ ਹੋਇਆ ਸੀ। ਉਸ ਨੇ ਪਰਿਵਾਰ ਦੇ ਦੂਜੇ ਮੈਂਬਰਾਂ ਨੂੰ ਇਕ ਕਮਰੇ 'ਚ ਬੰਦ ਕਰ ਦਿੱਤਾ ਸੀ। ਉਸ ਨੇ ਆਪਣੇ ਪਿਤਾ ਨੂੰ ਟੁੱਕੜਿਆਂ 'ਚ ਕੱਟ ਦਿੱਤਾ।''

ਪੁਲਸ ਤੋਂ ਮੰਗਦਾ ਰਿਹਾ ਮੋਬਾਇਲ
ਪੁਲਸ ਨੇ ਬੇਟੇ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਚੱਲ ਰਹੀ ਹੈ। ਮ੍ਰਿਤਕ ਸ਼ੰਕਰ ਇਸ ਘਟਨਾ ਤੋਂ ਤਿੰਨ ਮਹੀਨੇ ਪਹਿਲਾਂ ਹੀ ਪੁਲਸ ਵਿਭਾਗ ਤੋਂ ਰਿਟਾਇਰ ਹੋਏ ਸਨ। ਇਸ ਘਟਨਾ ਨੂੰ ਸਵੇਰੇ 5 ਵਜੇ ਅੰਜਾਮ ਦਿੱਤਾ ਗਿਆ। ਦੋਸ਼ੀ ਬੇਟੇ ਨੇ ਕਤਲ ਦਾ ਕੋਈ ਅਫ਼ਸੋਸ ਨਹੀਂ ਸੀ ਅਤੇ ਉਹ ਪੁਲਸ ਤੋਂ ਵੀ ਲਗਾਤਾਰ ਮੋਬਾਇਲ ਮੰਗਦਾ ਰਿਹਾ। ਉਹ ਲਗਾਤਾਰ ਪੁਲਸ ਅਧਿਕਾਰੀਆਂ ਨੂੰ ਪਰੇਸ਼ਾਨ ਕਰ ਰਿਹਾ ਸੀ ਤਾਂ ਕਿ ਉਹ ਥਾਣੇ 'ਚ ਵੀ ਮੋਬਾਇਲ ਗੇਮ ਖੇਡ ਸਕੇ।

DIsha

This news is Content Editor DIsha