ਜਾਮਿਆ ਹਿੰਸਕ ਪ੍ਰਦਰਸ਼ਨ : ਦਿੱਲੀ 'ਚ ਸਕੂਲ ਸੋਮਵਾਰ ਨੂੰ ਰਹਿਣਗੇ ਬੰਦ

12/16/2019 12:13:51 AM

ਨਵੀਂ ਦਿੱਲੀ — ਜਾਮਿਆ ਯੂਨੀਵਰਸਿਟੀ ਨੇੜੇ ਹਿੰਸਾ ਤੋਂ ਬਾਅਦ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਦੱਖਣ ਪੂਰਬੀ ਦਿੱਲੀ ਦੇ ਸਾਰੇ ਸਕੂਲ ਸੋਮਵਾਰ ਨੂੰ ਬੰਦ ਰਹਿਣਗੇ। ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਹ ਐਲਾਨ ਕੀਤਾ ਹੈ। ਸਿਸੋਦੀਆ ਨੇ ਹਿੰਦੀ 'ਚ ਟਵੀਟ ਕੀਤਾ ਕਿ ਦਿੱਲੀ 'ਚ ਜਾਮਿਆ, ਓਖਲਾ, ਨਿਊ ਫ੍ਰੈਂਡਸ ਕਲੋਨੀ ਤੇ ਮਦਨਪੁਰ ਖਾਦਰ ਦੱਖਣ ਪੂਰਬ ਜ਼ਿਲ੍ਹੇ ਦੇ ਇਲਾਕਿਆਂ 'ਚ ਸਾਰੇ ਸਰਕਾਰੀ ਤੇ ਨਿੱਜੀ ਸਕੂਲ ਸੋਮਵਾਰ ਬੰਦ ਰਹਿਣਗੇ। ਦਿੱਲੀ ਸਰਕਾਰ ਨੇ ਮੌਜੂਦਾ ਸਥਿਤੀ ਨੂੰ ਦੇਖਦਿਆਂ ਇਹ ਫੈਸਲਾ ਲਿਆ।

ਮਨੀਸ਼ ਸਿਸੋਦੀਆ ਨੇ ਐਤਵਾਰ ਨੂੰ ਦੋਸ਼ ਲਗਾਇਆ ਕਿ ਭਾਜਪਾ ਨੇ ਨਾਗਰਿਕਤਾ ਸੋਧ ਐਕਟ ਖਿਲਾਫ ਦੱਖਣੀ ਦਿੱਲੀ 'ਚ ਇਕ ਵਿਰੋਧ ਪ੍ਰਦਰਸ਼ਨ ਦੌਰਾਨ ਬੱਸਾਂ ਨੂੰ ਅੱਗ ਲਗਾਉਣ ਲਈ ਪੁਲਸ ਦਾ ਇਸਤੇਮਾਲ ਕੀਤਾ। ਸਿਸੋਦੀਆ ਨੇ ਵਿਰੋਧ ਦੀਆਂ ਕੁਝ ਤਸਵੀਰਾਂ ਵੀ ਟਵੀਟ 'ਤੇ ਪੋਸਟ ਕੀਤੀਆਂ ਹਨ। ਉੱਪ-ਮੁੱਖ ਮੰਤਰੀ ਨੇ ਹਿੰਦੀ 'ਚ ਇਕ ਟਵੀਟ 'ਚ ਭਾਜਪਾ 'ਤੇ 'ਗੰਦੀ ਰਾਜਨੀਤੀ' ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਨਾਗਰਿਕਤਾ ਸੋਧ ਐਕਟ ਦੌਰਾਨ ਭੜਕੀ ਹਿੰਸਾ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।


ਦੱਸਣਯੋਗ ਹੈ ਕਿ ਸੋਧ ਨਾਗਰਿਕਤਾ ਕਾਨੂੰਨ ਖਿਲਾਫ ਹਿੰਸਕ ਪ੍ਰਦਰਸ਼ਨਕਾਰੀਆਂ ਨੇ ਐਤਵਾਰ ਦੁਪਹਿਰ ਨੂੰ ਜਾਮਿਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਨੇੜੇ ਬੱਸਾਂ 'ਚ ਅੱਗ ਲਗਾ ਦਿੱਤੀ ਅਤੇ ਪੁਲਸ ਨਾਲ ਝੜਪ ਕੀਤੀ।

ਇਸ ਦੌਰਾਨ ਵਿਦਿਆਰਥੀਆਂ ਨੇ ਪੱਥਰਬਾਜ਼ੀ ਤੋਂ ਇਲਾਵਾ ਹਵਾਈ ਫਾਈਰਿੰਗ ਵੀ ਕੀਤੀ, ਜਦਕਿ ਪਲਿਸ ਨੇ ਰਬੜ ਬੁਲੇਟ ਚਲਾਈਆਂ। ਇਸ ਦੌਰਾਨ ਪ੍ਰਕਟੋਰੀਅਲ ਟੀਮ, ਡੀ.ਆਈ.ਜੀ. ਡਾ. ਪ੍ਰੀਤੇਂਦਰ ਸਿੰਘ, ਐੱਸ.ਪੀ. ਸਿਟੀ ਅਭਿਸ਼ੇਕ ਕੁਮਾਰ ਤੋਂ ਇਲਾਵਾ ਆਰ.ਏ.ਐੱਫ. ਤੇ ਪੁਲਸ ਦੇ 20 ਜਵਾਨ ਜ਼ਖਮੀ ਹੋ ਗਏ ਅਤੇ 30 ਵਿਦਿਆਰਥੀਆਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ। ਹਾਲਾਤ ਕਾਬੂ ਕਰਨ ਲਈ ਅੱਥਰੂ ਗੈਸ ਛੱਡਦੇ ਹੋਏ ਅੰਦਰ ਦਾਖਲ ਹੋ ਗਏ।

KamalJeet Singh

This news is Content Editor KamalJeet Singh