‘ਸਾਡੇ ਸਾਥੀ ਰਿਹਾਅ ਹੋਣਗੇ ਜਾਂ ਮੇਰੀ ਮੌਤ ਹੋਵੇਗੀ’, ਕਿਸਾਨਾਂ ਦੀ ਰਿਹਾਈ ਲਈ ਭੁੱਖ ਹੜਤਾਲ ’ਤੇ ਬੈਠੇ ਸਿਰਸਾ

07/19/2021 3:12:03 PM

ਸਿਰਸਾ– ਕਿਸਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮਿੰਨੀ ਸਕੱਤਰੇਤ ਦੇ ਮੁੱਖ ਗੇਟ ’ਤੇ ਕਿਸਾਨਾਂ ਦਾ ਧਰਨਾ ਅੱਜ ਵੀ ਜਾਰੀ ਹੈ। ਧਰਨੇ ’ਤੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਭੁੱਖ ਹੜਤਾਲ ’ਤੇ ਬੈਠੇ ਹਨ। ਉਨ੍ਹਾਂ ਦੀ ਭੁੱਖ ਹੜਤਾਲ ਦਾ ਅੱਜ ਦੂਜਾ ਦਿਨ ਹੈ। ਸੋਮਵਾਰ ਨੂੰ ਯਾਨੀ ਅੱਜ ਉਨ੍ਹਾਂ ਦਾ ਮੈਡੀਕਲ ਕਰਵਾਇਆ ਗਿਆ ਜਿਸ ’ਤੇ ਕਿਸਾਨ ਆਗੂਆਂ ਨੇ ਕਿਹਾ ਕਿ ਮੈਡੀਕਲ ਕੱਲ੍ਹ ਕਰਵਾਉਣਾ ਚਾਹੀਦਾ ਸੀ। ਉਥੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੱਲ੍ਹ ਵੀ ਦੋ ਵਾਰ ਮੈਡੀਕਲ ਟੀਮ ਜਾਂਚ ਲਈ ਗਈ ਸੀ ਪਰ ਉਨ੍ਹਾਂ ਨੇ ਮੈਡੀਕਲ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ ਸੀ। 

ਭੁੱਖ ਹੜਤਾਲ ’ਤੇ ਬੈਠੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਅੱਜ ਮੇਰਾ ਮੈਡੀਕਲ ਕਰਨ ਲਈ ਆਏ ਹਨ। ਮੇਰੇ ਬਲੱਡ ਸੈਂਪਲ ਲਏ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਕੱਲ੍ਹ ਮੈਡੀਕਲ ਜਾਂਚ ਨਹੀਂ ਕੀਤੀ, ਉਨ੍ਹਾਂ ਨੂੰ ਕੱਲ੍ਹ ਮੈਡੀਕਲ ਜਾਂਚ ਕਰਨੀ ਚਾਹੀਦੀ ਸੀ। ਸਿਰਸਾ ਨੇ ਕਿਹਾ ਕਿ ਜਦੋਂ ਤਕ ਸਾਡੇ 5 ਕਿਸਾਨ ਸਾਥੀਆਂ ਨੂੰ ਜੇਲ੍ਹ ’ਚੋਂ ਰਿਹਾਅ ਨਹੀਂ ਕੀਤਾ ਜਾਂਦਾ ਉਦੋਂ ਤਕ ਮੈਂ ਭੁੱਖ ਹੜਤਾਲ ’ਤੇ ਬੈਠਾ ਰਹਾਂਗਾ। ਉਨ੍ਹਾਂ ਕਿਹਾ ਕਿ ਜਾਂ ਸਾਡੇ ਸਾਥੀ ਰਿਹਾਅ ਹੋਣਗੇ ਜਾਂ ਮੇਰੀ ਮੌਤ ਹੋਵੇਗੀ। 

ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਸਰਕਾਰ ਖੁਦ ਪੱਥਰਬਾਜ਼ੀ ਕਰਦੀ ਹੈ। ਯੂਨੀਵਰਸਿਟੀ ’ਚ ਡਿਪਟੀ ਸਪੀਕਰ ਦੀ ਗੱਡੀ ’ਤੇ ਹੋਈ ਪੱਥਰਬਾਜ਼ੀ ਵੀ ਸਰਕਾਰ ਨੇ ਕਰਵਾਈ ਅਤੇ ਚੰਡੀਗੜ੍ਹ ’ਚ ਵੀ ਆਪਣੀਆਂ ਗੱਡੀਆਂ ’ਤੇ ਖੁਦ ਪੱਥਰ ਮਰਵਾਏ ਹਨ ਜਦਕਿ ਮਾਮਲੇ ਕਿਸਾਨਾਂ ’ਤੇ ਦਰਜ ਕਰਵਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਾਡਾ ਅੰਦੋਲਨ ਸ਼ਾਂਤਮਈ ਢੰਗ ਨਾਲ ਚੱਲੇਗਾ। 

ਉਥੇ ਹੀ ਸਿਰਸਾ ਦੇ ਐੱਸ.ਡੀ.ਐੱਮ. ਜੈਵੀਰ ਯਾਦਵ ਨੇ ਕਿਹਾ ਕਿ ਕੱਲ੍ਹ ਭੁੱਖ ਹੜਤਾਲ ’ਤੇ ਬੈਠਣ ਤੋਂ ਬਾਅਦ ਡਾਕਟਰਾਂ ਦੀ ਟੀਮ ਜਾਂਚ ਲਈ ਆ ਗਈ ਸੀ। ਇਨ੍ਹਾਂ ਵਲੋਂ ਮੈਡੀਕਲ ਕਰਵਾਏ ਜਾਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ। ਅੱਜ ਇਨ੍ਹਾਂ ਦਾ ਮੈਡੀਕਲ ਕਰਵਾਇਆ ਹੈ। ਸ਼ੁਰੂਆਤੀ ਮੈਡੀਕਲ ਰਿਪੋਰਟ ਠੀਕ ਹੈ, ਜੋ ਸੈਂਪਲ ਜਾਂਚ ਲਈ ਲਏ ਹਨ, ਉਨ੍ਹਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। 

Rakesh

This news is Content Editor Rakesh