ਮੀਂਹ ਦੇ ਬਾਵਜੂਦ ਦਿੱਲੀ ਪੁਲਸ ਖਿਲਾਫ ਹਜ਼ਾਰਾਂ ਸਿੱਖਾਂ ਦਾ ਪ੍ਰਦਰਸ਼ਨ ਜਾਰੀ (LIVE)

06/18/2019 12:52:00 AM

ਨਵੀਂ ਦਿੱਲੀ— ਦਿੱਲੀ ਦੇ ਮੁਖਰਜੀ ਨਗਰ 'ਚ ਬੁਜ਼ੁਰਗ ਸਿੱਖ ਆਟੋ ਚਾਲਕ ਦੀ ਕੁੱਟਮਾਰ ਦਾ ਮਾਮਲਾ ਲਗਾਤਾਰ ਭੱਖਦਾ ਜਾ ਰਿਹਾ ਹੈ। ਦੇਰ ਰਾਤ ਦਿੱਲੀ ਦੇ ਮੁਖਰਜੀ ਨਗਰ ਪੁਲਸ ਥਾਣੇ ਅਤੇ ਜੀ.ਟੀ.ਬੀ. ਨਗਰ ਮੈਟਰੋ ਸਟੇਸ਼ਨ ਦੇ ਬਾਹਰ ਧਰਨਾ ਪ੍ਰਦਰਸ਼ਨ ਅਤੇ ਨਾਅਰੇਬਾਜੀ ਕਰਦੇ ਹੋਏ ਰੋਡ ਜਾਮ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਵਲੋਂ ਦਿੱਲੀ ਪੁਲਸ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਉਥੇ ਹੀ ਇਸੇ ਦੌਰਾਨ ਕੁਝ ਮੀਡੀਆ ਰਿਪੋਰਟਾਂ ਮੁਤਾਬਕ ਪ੍ਰਦਰਸ਼ਨਕਾਰੀਆਂ ਵੱਲੋਂ ਸਿਰਸਾ ਨਾਲ ਧੱਕਾਮੁੱਕੀ ਕੀਤੀ ਹੈ ਪਰ ਇਸ ਗੱਲ ਦੀ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਕੀਤੀ ਗਈ ਹੈ। ਪ੍ਰਦਰਸ਼ਨਕਾਰੀਆਂ ਨੇ ਮੁਖਰਜੀ ਨਗਰ ਪੁਲਸ ਸਟੇਸ਼ਨ ਨੂੰ ਪੂਰੀ ਤਰ੍ਰਾਂ ਨਾਲ ਘੇਰ ਲਿਆ ਹੈ। ਜਿਸ ਕਾਰਨ ਪੂਰੇ ਮੁਖਰਜੀ ਨਗਰ ਵਿਚ ਤਨਾਅ ਵਾਲਾ ਮਾਹੌਲ ਹੈ। ਪੁਲਸ ਅਧਿਕਾਰੀ ਥਾਣੇ ਅੰਦਰ ਮੌਜੂਦ ਹਨ। ਇਲਾਕੇ ਦੀ ਸੁਰਖਿਆ ਨੂੰ ਦੇਖਦੇ ਹੋਏ ਵੱਡੀ ਗਿਣਤੀ ਵਿਚ ਪੁਲਸ ਫੋਰਸ ਤੇ ਸੀ. ਆਰ. ਪੀ. ਐੱਫ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ। ਦਿੱਲੀ 'ਚ ਵੱਡੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਭਾਰੀ ਮੀਂਹ ਦੇ ਬਾਵਜੂਦ ਵੀ ਮੁਖਰਜੀ ਨਗਰ ਥਾਣੇ ਬਾਹਰ ਪ੍ਰਦਰਸ਼ਨ ਜਾਰੀ ਹੈ।

ਮੁਖਰਜੀ ਨਗਰ ਵਿਚ ਸਿੱਖ ਆਟੋ ਡਰਾਈਵਰ ਤੇ ਪੁਲਸ ਵਿਚਾਲੇ ਹੋਈ ਕੁੱਟ-ਮਾਰ ’ਤੇ ਨਿਸ਼ਾਨਾ ਲਗਾਉਣ ਵਿਚ ਸਿਆਸੀ ਆਗੂ ਨਹੀਂ ਖੁੰਝੇ। ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਚੱਲਦੇ ਹੀ ਸਿੱਖਾਂ ਵਿਚ ਇਕਜੁੱਟਤਾ ਦੀ ਭਾਵਨਾ ਪੈਦਾ ਹੋ ਗਈ ਜਿਸ ਦਾ ਨਤੀਜਾ ਇਹ ਹੋਇਆ ਕਿ ਕਲ ਰਾਤ ਨੂੰ ਪੁਲਸ ਨੇ ਪਹਿਲਾਂ 3 ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਅਤੇ ਕਮਿਸ਼ਨਰ ਅਮੁਲਿਆ ਪਟਨਾਇਕ ਨੇ ਮਾਮਲੇ ਦੀ ਜਾਂਚ ਕਰਾਈਮ ਬ੍ਰਾਂਚ ਨੂੰ ਸੌਂਪ ਕੇ ਮੁਲਜ਼ਮ ਪੁਲਸ ਅਧਿਕਾਰੀਆਂ ਵਿਰੁੱਧ ਮੁਕੱਦਮਾ ਦਰਜ ਕਰਨ ਦਾ ਐਲਾਨ ਕੀਤਾ।

ਇਸ ਘਟਨਾ ਦੀ ਵੀਡੀਓ ਦੇਖਣ ਮਗਰੋਂ ਸਿੱਖਾਂ ਵਿਚ ਗੁੱਸਾ ਵਧ ਗਿਆ ਜਿਸ ਕਾਰਨ ਮੁਖਰਜੀ ਨਗਰ ਥਾਣੇ ਦੇ ਬਾਹਰ ਸਿੱਖ ਆਗੂ ਅਤੇ ਸੰਗਤ ਇਕੱਠੀ ਹੋ ਗਈ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਤਿਲਕ ਨਗਰ ਤੋ ‘ਆਪ’ ਦੇ ਵਿਧਾਇਕ ਜਰਨੈਲ ਸਿੰਘ ਪੁਲਸ ਦੇ ਸਾਹਮਣੇ ਆ ਕੇ ਖੜ੍ਹੇ ਹੋ ਗਏ। ਲਗਾਤਾਰ ਆਗੂਆਂ ਨੇ ਇਥੇ ਖੜ੍ਹ ਕੇ ਫੇਸ ਬੁੱਕ ਲਾਈਵ ਰਾਹੀਂ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹ ਦੋਸ਼ੀ ਪੁਲਸ ਮੁਲਾਜ਼ਮਾਂ ’ਤੇ ਕਾਰਵਾਈ ਤੋਂ ਪਹਿਲਾਂ ਇਥੋਂ ਨਹੀਂ ਹਟਣਗੇ।

ਰਾਤ ਲਗਭਗ 12 ਵਜੇ 3 ਪੁਲਸ ਮੁਲਾਜ਼ਮਾਂ ਦੀ ਮੁਅੱਤਲੀ ਤੋਂ ਬਾਅਦ ਸਿਆਸੀ ਆਗੂਆਂ ਦੀ ਭੀੜ ਬੇਸ਼ਕ ਉਥੋਂ ਘਟ ਗਈ ਪਰ ਸਿੱਖ ਸੰਗਤ ਵਲੋਂ ਸਾਢੇ 3 ਵਜੇ ਤਕ ਸ਼ਿਕਾਇਤ ਦੋਸ਼ੀ ਪੁਲਸ ਮੁਲਾਜ਼ਮਾਂ ਵਿਰੁੱਧ ਧਾਰਾ 307 ਅਤੇ 205 ਏ ਵਿਚ ਮਾਮਲਾ ਦਰਜ ਕਰਨ ਲਈ ਦਿੱਤੀ ਗਈ। ਸਵੇਰੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸਿੱਖ ਭਾਵਨਾਵਾਂ ਦੀ ਕਦਰ ਕਰਦਿਆਂ ਹਮਦਰਦੀ ਦਿਖਾਉਣ ਲਈ ਪੀੜਤ ਆਟੋ ਚਾਲਕ ਦੇ ਘਰ ਚਲੇ ਗਏ।

ਭਾਜਪਾ ਦੇ ਰਾਸ਼ਟਰੀ ਮੰਤਰੀ ਆਰ. ਪੀ. ਸਿੰਘ ਨੇ ਅੱਧੀ ਰਾਤ ਨੂੰ ਭਾਜਪਾ ਸਿੱਖ ਸੈੱਲ ਦੇ ਮੈਂਬਰਾਂ ਨਾਲ ਕੇਂਦਰੀ ਗ੍ਰਹਿ ਰਾਜ ਮੰਤਰੀ ਜੀ. ਕ੍ਰਿਸ਼ਨ ਰੈਡੀ ਨਾਲ ਮੁਲਾਕਾਤ ਕਰ ਕੇ ਕਾਰਵਾਈ ਦਾ ਦਬਾਅ ਬਣਾਇਆ। ਇਸ ਦੇ ਮਗਰੋਂ ਪੁਲਸ ’ਤੇ ਕਾਰਵਾਈ ਹੋਈ। ਇਸ ਤੋਂ ਇਲਾਵਾ ਆਰ. ਪੀ. ਸਿੰਘ ਨੇ ਥਾਣੇ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗਣ ਦੇ ਵੀਡੀਓ ਟਵਿਟਰ ’ਤੇ ਪੋਸਟ ਕਰ ਕੇ ਅਕਾਲੀ ਆਗੂਆਂ ਨੂੰ ਇਸ ਦਾ ਦੋਸ਼ੀ ਦੱਸ ਦਿੱਤਾ। ਨਾਲ ਹੀ ਇਸ ਕਾਰਵਾਈ ਦੀ ਨਿੰਦਾ ਕਰਦੇ ਹੋਏ ਅਜਿਹੇ ਲੋਕਾਂ ਵਿਰੁੱਧ ਕਾਰਵਾਈ ਦੀ ਮੰਗ ਵੀ ਕੀਤੀ।

ਇਸੇ ਦਰਮਿਆਨ ਪੰਜਾਬ ਦੀ ਸਥਾਨਕ ਪਾਰਟੀ ਪੀ. ਡੀ. ਏ. ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਸਿੱਖਾਂ ਦੇ ਹੱਕ ਵਿਚ ਬਿਆਨ ਜਾਰੀ ਕਰ ਦਿੱਤਾ। ਇਸ ਦੇ ਮਗਰੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਵੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਸਿੱਖਾਂ ਨੂੰ ਇਨਸਾਫ ਦਿਵਾਉਣ ਦੀ ਮੰਗ ਕਰਨ ਲੱਗ ਪਏ। ਸ਼ਾਮ ਹੁੰਦਿਆਂ ਪੁਲਸ ਕਮਿਸ਼ਨਰ ਨੇ ਦੋਵਾਂ ਧਿਰਾਂ ਵਿਰੁੱਧ ਮੁਕੱਦਮਾ ਦਰਜ ਕਰਨ ਦਾ ਹੁਕਮ ਦੇ ਦਿੱਤਾ। ਇਸ ਸਾਰੀ ਕਵਾਇਦ ਵਿਚ ਸਾਰੇ ਸਿੱਖ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਇਕਜੁੱਟ ਨਜ਼ਰ ਆਏ। ਓਧਰ ਸਿੱਖ ਆਗੂਆਂ ਨੇ ਵੋਟ ਬੈਂਕ ’ਤੇ ਨਜ਼ਰ ਰੱਖ ਕੇ ਹਮਦਰਦੀ ਦਿਖਾਉਣ ਵਿਚ ਕੋਈ ਕਸਰ ਨਹੀਂ ਛੱਡੀ। ਦੇਰ ਸ਼ਾਮ ਮੁਖਰਜੀ ਨਗਰ ਥਾਣੇ ਦੇ ਬਾਹਰ ਸਰਬੱਤ ਖਾਲਸਾ ਵਲੋਂ ਚੁਣੇ ਗਏ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਵੀ ਸਿੱਖ ਸੰਗਤ ਵਲੋਂ ਦਿੱਤੇ ਜਾ ਰਹੇ ਧਰਨੇ ਵਿਚ ਸ਼ਾਮਲ ਹੋ ਗਏ।


Inder Prajapati

Content Editor

Related News