100 ਕਰੋੜ ਦੇ ਫਰਾਡ ''ਤੇ ਜਾਇਦਾਦ ਹੋਵੇਗੀ ਅਟੈਚ

03/13/2018 2:25:31 AM

ਨਵੀਂ ਦਿੱਲੀ—ਬੈਂਕਾਂ ਨਾਲ ਫਰਜ਼ੀਵਾੜਾ ਕਰਕੇ ਵਿਦੇਸ਼ ਦੌੜ ਜਾਣ ਵਾਲੇ ਕਰਜ਼ਦਾਰਾਂ 'ਤੇ ਨਕੇਲ ਕੱਸਣ ਲਈ ਮੋਦੀ ਸਰਕਾਰ ਨੇ ਭਗੌੜਾ ਆਰਥਿਕ ਅਪਰਾਧ ਬਿੱਲ-2018 ਨੂੰ ਆਪੋਜ਼ੀਸ਼ਨ ਦੇ ਹੰਗਾਮੇ ਵਿਚਾਲੇ ਲੋਕ ਸਭਾ ਵਿਚ ਪੇਸ਼ ਕੀਤਾ। ਵਿੱਤ ਰਾਜ ਮੰਤਰੀ ਸ਼ਿਵ ਪ੍ਰਤਾਪ ਸ਼ੁਕਲਾ ਨੇ ਲੋਕ ਸਭਾ ਵਿਚ ਵਿਰੋਧੀ ਪਾਰਟੀਆਂ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ  ਅਤੇ ਸ਼ੋਰ-ਸ਼ਰਾਬੇ ਵਿਚਾਲੇ ਇਸ ਬਿੱਲ ਨੂੰ ਪੇਸ਼ ਕੀਤਾ। ਹਾਲ ਹੀ ਵਿਚ ਪੀ. ਐੱਨ. ਬੀ. ਵਿਚ ਹੋਏ 12 ਹਜ਼ਾਰ ਕਰੋੜ ਰੁਪਏ ਤੋਂ ਵੀ ਵੱਧ ਦੇ ਫਰਜ਼ੀਵਾੜੇ ਤੋਂ ਬਾਅਦ ਸਰਕਾਰ ਨੇ ਅਜਿਹੇ ਅਪਰਾਧੀਆਂ 'ਤੇ ਨਕੇਲ ਕੱਸਣ ਲਈ 2 ਮਾਰਚ ਨੂੰ ਇਸ ਬਿੱਲ ਨੂੰ ਕੈਬਨਿਟ ਦੀ ਮਨਜ਼ੂਰੀ ਮਿਲੀ ਸੀ। ਲਲਿਤ ਮੋਦੀ, ਵਿਜੇ ਮਾਲਿਆ, ਨੀਰਵ ਮੋਦੀ ਅਤੇ ਮੇਹੁਲ ਚੋਕਸੀ ਅਤੇ ਅਜਿਹੇ ਹੀ ਕਈ ਹੋਰ ਦੂਜੇ ਭਗੌੜੇ ਆਰਥਿਕ ਅਪਰਾਧੀ ਹਨ, ਜੋ ਫਰਜ਼ੀਵਾੜਾ ਕਰ ਕੇ ਵਿਦੇਸ਼ ਦੌੜ ਗਏ। 
50  ਕਰੋੜ ਤੋਂ ਵੱਧ ਲੋਨ ਲੈਣ ਵਾਲਿਆਂ 'ਤੇ ਵੀ ਨਜ਼ਰ
ਬੈਂਕਾਂ ਨੂੰ ਕਿਹਾ ਗਿਆ ਹੈ ਕਿ 50 ਕਰੋੜ ਤੋਂ ਉਪਰ ਲੋਨ ਦੇਣ ਉੱਤੇ ਖਾਸਾ ਧਿਆਨ ਦਿੱਤਾ ਜਾਏ, ਕਿÀੁਂਕਿ ਇਥੇ ਸੰਭਾਵਿਤ ਧੋਖਾਦੇਹੀ ਹੋ ਸਕਦੀ ਹੈ। ਈ. ਡੀ. ਇਸਦੇ ਲਈ ਕਾਲੇ ਧਨ ਨੂੰ ਸਫੈਦ ਬਣਾਉਣ ਦੇ ਬਚਾਅ ਸਬੰਧੀ ਕਾਨੂੰਨ ਪੀ. ਐੱਮ. ਐੱਲ. ਏ. ਦੀਆਂ ਵਿਵਸਥਾਵਾਂ ਦੀ ਵਰਤੋਂ ਕਰੇਗੀ। 
ਇਹ ਲੋਕ ਐਲਾਨੇ ਜਾਣਗੇ ਭਗੌੜੇ ਆਰਥਿਕ ਅਪਰਾਧੀ
ਇਸ ਬਿੱਲ ਦੇ ਨੋਟ ਵਿਚ ਕਿਹਾ ਗਿਆ ਹੈ, ਭਗੌੜਾ ਆਰਥਿਕ ਅਪਰਾਧੀ ਉਹ ਹੈ, ਜਿਸ ਦੇ ਵਿਰੁੱਧ ਇਸ ਤਰ੍ਹਾਂ ਦਾ ਅਪਰਾਧ ਕਰਨ ਤੋਂ ਬਾਅਦ ਗ੍ਰਿਫਤਾਰੀ ਦਾ ਵਾਰੰਟ ਜਾਰੀ ਕੀਤਾ ਗਿਆ ਹੈ ਪਰ ਉਹ ਗ੍ਰਿਫਤਾਰੀ ਅਤੇ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਵਿਦੇਸ਼ ਦੌੜ ਗਿਆ ਹੈ, ਜਾਂ ਫਿਰ ਕਾਨੂੰਨੀ ਕਾਰਵਾਈ ਦਾ ਸਾਹਮਣਾ ਨਾ ਕਰਨ ਲਈ ਭਾਰਤ ਆਉਣ ਤੋਂ ਇਨਕਾਰ ਕਰ ਰਿਹਾ ਹੋਵੇ।  ਸਰਕਾਰ ਦੇ ਅਧਿਕਾਰੀਆਂ ਅਨੁਸਾਰ ਇਸ ਨਾਲ ਅਜਿਹੇ ਅਪਰਾਧੀਆਂ ਨੂੰ ਜੋ ਵਿਦੇਸ਼ ਦੌੜ ਕੇ ਕਾਨੂੰਨ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ, ਉਨ੍ਹਾਂ ਨੂੰ ਭਾਰਤੀ ਕਾਨੂੰਨ ਦੇ ਦਾਇਰੇ ਵਿਚ ਲਿਆਉਣ ਲਈ ਖਾਕਾ ਤਿਆਰ ਕੀਤਾ ਜਾ ਸਕੇਗਾ। 100 ਕਰੋੜ ਜਾਂ ਉਸ ਤੋਂ ਉਪਰ ਦੇ ਮਾਮਲਿਆਂ ਵਿਚ ਹੋਏ ਅਪਰਾਧ ਇਸ ਕਾਨੂੰਨ ਦੇ ਤਹਿਤ ਆਉਣਗੇ।